
ਕਰਨਾਟਕ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਾਂਗਰਸ ਅਤੇ ਬੀਜੇਪੀ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਭਾਜਪਾ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਕਰਨਾਟਕ ਵਿਧਾਨ ਸਭਾ ਲਈ ਆਪਣੇ ਚੋਣ ਮਨੋਰਥ ਪੱਤਰ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਬਜਰੰਗ ਦਲ ਵਰਗੀਆਂ ਜਥੇਬੰਦੀਆਂ 'ਤੇ ਪਾਬੰਦੀ ਲਾ ਦਿੱਤੀ ਜਾਵੇਗੀ।
PFI ਦਾ ਹਵਾਲਾ ਦਿੰਦੇ ਹੋਏ ਪਾਰਟੀ ਨੇ ਕਿਹਾ - ਧਰਮ ਦੇ ਨਾਮ 'ਤੇ ਨਫਰਤ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕਾਂਗਰਸ ਨੇ ਹਰ ਪਰਿਵਾਰ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ, ਪਰਿਵਾਰ ਦੀ ਹਰ ਮਹਿਲਾ ਮੁਖੀ ਨੂੰ 2000 ਰੁਪਏ ਪ੍ਰਤੀ ਮਹੀਨਾ ਦਿਤਾ ਜਾਵੇਗਾ। ਪਾਰਟੀ ਨੇ ਨੌਜਵਾਨ ਵੋਟਰਾਂ ਨੂੰ ਲੁਭਾਉਣ ਲਈ ਐਲਾਨ ਵੀ ਕੀਤੇ ਹਨ। ਇਸ ਤਹਿਤ ਬੇਰੁਜ਼ਗਾਰ ਗ੍ਰੈਜੂਏਟਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਅਤੇ ਡਿਪਲੋਮਾ ਹੋਲਡਰਾਂ ਨੂੰ ਦੋ ਸਾਲਾਂ ਲਈ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਦੀਆਂ ਬੱਸਾਂ ਵਿੱਚ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ।
ਕਰਨਾਟਕ 'ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਸੋਮਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ 'ਪ੍ਰਜਾ ਧਵਨੀ' ਜਾਰੀ ਕੀਤਾ। ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਇਸ ਨੂੰ ਬੇਂਗਲੁਰੂ ਵਿੱਚ ਜਾਰੀ ਕੀਤਾ। ਚੋਣ ਮਨੋਰਥ ਪੱਤਰ ਵਿੱਚ ਪਾਰਟੀ ਨੇ ਯੂਨੀਫਾਰਮ ਸਿਵਲ ਕੋਡ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਬੀਪੀਐਲ ਪਰਿਵਾਰਾਂ ਨੂੰ ਯੁਗਾਦੀ, ਗਣੇਸ਼ ਚਤੁਰਥੀ ਅਤੇ ਦੀਵਾਲੀ ਮੌਕੇ ਅੱਧਾ ਕਿਲੋ ਨੰਦਿਨੀ ਦੁੱਧ ਅਤੇ 3 ਗੈਸ ਸਿਲੰਡਰ ਮੁਫ਼ਤ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪਾਰਟੀ ਨੇ ਕਿਸਾਨਾਂ ਲਈ ਮਾਈਕਰੋ ਕੋਲਡ ਸਟੋਰੇਜ ਸੁਵਿਧਾਵਾਂ, ਹਰ ਗ੍ਰਾਮ ਪੰਚਾਇਤ ਵਿੱਚ ਐਗਰੋ-ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਅਤੇ ਖੇਤੀਬਾੜੀ ਉਤਪਾਦ ਕਮੇਟੀਆਂ ਦੇ ਆਧੁਨਿਕੀਕਰਨ ਲਈ 30,000 ਕਰੋੜ ਰੁਪਏ ਦੇ ਫੰਡ ਦਾ ਵਾਅਦਾ ਕੀਤਾ ਹੈ।
ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਰਨਾਟਕ ਵਿੱਚ ਤਿੰਨ ਜਨਤਕ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਪਹਿਲੀ ਰੈਲੀ ਤੁਮਕੁਰ 'ਚ, ਦੂਜੀ ਹਸਨ 'ਚ ਅਤੇ ਤੀਜੀ ਚਾਮਰਾਜਨਗਰ 'ਚ ਕੀਤੀ। ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਨੇ ਕਿਹਾ, ਪ੍ਰਧਾਨ ਮੰਤਰੀ ਕਰਨਾਟਕ ਆਉਂਦੇ ਹਨ, ਪਰ ਆਪਣੇ ਬਾਰੇ ਹੀ ਗੱਲ ਕਰਦੇ ਹਨ।