
ਪੰਜ ਰਾਜਾਂ ਦੀ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਹਾਰ ਹੋਈ ਸੀ, ਹੁਣ ਕਾਂਗਰਸ ਨੇ ਆਉਣ ਵਾਲਿਆਂ ਵਿਧਾਨਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਹੁਣ ਗੁਜਰਾਤ 'ਚ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਖਿਲਾਫ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਪਾਰਟੀ ਸੂਬੇ 'ਚ ਭਾਜਪਾ ਦੀਆਂ ਨਾਕਾਮੀਆਂ ਨੂੰ ਗਿਣਾਉਣ ਲਈ 'ਚਾਰਜਸ਼ੀਟ' ਜਾਰੀ ਕਰਨ ਜਾ ਰਹੀ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਗੁਜਰਾਤ ਇੰਚਾਰਜ ਰਘੂ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਇਹ ਚਾਰਜਸ਼ੀਟ ਜ਼ਿਲ੍ਹਾ ਵਾਰ ਅਤੇ ਹਲਕਿਆਂ ਵਿੱਚ ਜਾਰੀ ਕਰੇਗੀ। ਗੁਜਰਾਤ ਵਿੱਚ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ, ਜਿਸ ਲਈ ਕਾਂਗਰਸ ਨੇ ਹੁਣ ਆਪਣੀ ਕਮਰ ਕਸ ਲਿਤੀ ਹੈ। ਇਸ ਸਮੇਂ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ।
ਰਾਜਕੋਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਰਮਾ ਨੇ ਕਿਹਾ, "ਅਸੀਂ ਸਥਾਨਕ ਮੁਸੀਬਤਾਂ ਦੀ ਪਛਾਣ ਕਰ ਰਹੇ ਹਾਂ,ਅਸੀਂ ਭਾਜਪਾ ਸਰਕਾਰ ਦੇ ਖਿਲਾਫ ਵਿਧਾਨ ਸਭਾ ਅਤੇ ਜ਼ਿਲਾਵਾਰ ਚਾਰਜਸ਼ੀਟ ਜਾਰੀ ਕਰਾਂਗੇ, ਆਪਣੇ ਚੋਣ ਮੈਨੀਫੈਸਟੋ ਰਾਹੀਂ ਅਸੀਂ ਗੁਜਰਾਤ ਦੇ ਲੋਕਾਂ ਨੂੰ ਭਰੋਸਾ ਦੇਵਾਂਗੇ,ਕਿ ਜੇਕਰ ਕਾਂਗਰਸ ਦੀ ਸਰਕਾਰ ਆਈ ਤਾਂ ਅਸੀਂ ਉਨ੍ਹਾਂ ਸਮੱਸਿਆਵਾਂ ਨਾਲ ਕਿਵੇਂ ਨਜਿੱਠਾਂਗੇ''।
ਸ਼ਰਮਾ ਜ਼ਿਲ੍ਹਾ ਪੱਧਰੀ ਚਿੰਤਨ ਕੈਂਪ ਵਿੱਚ ਸ਼ਾਮਲ ਹੋਣ ਲਈ ਰਾਜਕੋਟ ਪੁੱਜੇ ਸਨ। ਇਸ ਪ੍ਰੋਗਰਾਮ ਵਿੱਚ ਏਆਈਸੀਸੀ ਸਕੱਤਰ ਰਾਮਕਿਸ਼ਨ ਓਝਾ ਵੀ ਮੌਜੂਦ ਸਨ। ਓਝਾ ਗੁਜਰਾਤ ਦੇ ਇੰਚਾਰਜ ਵੀ ਹਨ। ਗੁਜਰਾਤ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਪਰੇਸ਼ ਧਨਾਨੀ ਅਤੇ ਕਾਂਗਰਸ ਦੇ ਸਥਾਨਕ ਵਿਧਾਇਕ ਅਤੇ ਪਾਰਟੀ ਆਗੂ ਵੀ ਮੌਜੂਦ ਸਨ।
ਸ਼ਰਮਾ ਨੇ ਕਿਹਾ ਕਿ ਇੱਥੇ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਹੈ। ਰਾਜਕੋਟ ਜ਼ਿਲ੍ਹੇ ਦੀਆਂ ਸੜਕਾਂ ਦੀ ਹਾਲਤ ਖ਼ਰਾਬ ਹੈ। ਉਹ ਪੂਰੇ ਦੇਸ਼ ਵਿੱਚ ਸਵੱਛ ਭਾਰਤ ਦਾ ਨਾਅਰਾ ਲਗਾਉਂਦੇ ਹਨ ਅਤੇ ਪਖਾਨੇ ਬਣਾਉਣ ਦੀ ਗੱਲ ਕਰਦੇ ਹਨ । ਪਰ ਇੱਥੇ ਲੋਕਾਂ ਕੋਲ ਪੀਣ ਲਈ ਪਾਣੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਡਰੇਨ ਦਾ ਪਾਣੀ ਪਿੰਡਾਂ ਦੀਆਂ ਨਦੀਆਂ ਵਿੱਚ ਵਹਿ ਰਿਹਾ ਹੈ।
ਇਸ ਦੌਰਾਨ ਸ਼ਰਮਾ ਨੇ ਰਾਜਕੋਟ ਦੇ ਜੇਤਪੁਰਾ ਤਾਲੁਕਾ ਵਿੱਚ ਸਥਿਤ ਡਾਇੰਗ ਅਤੇ ਪ੍ਰਿੰਟਿੰਗ ਯੂਨਿਟਾਂ ਤੋਂ ਸਥਾਨਕ ਨਦੀਆਂ ਵਿੱਚ ਰਸਾਇਣ ਛੱਡਣ ਦਾ ਜ਼ਿਕਰ ਕੀਤਾ। “ਜਿੱਥੇ ਵੀ ਜੀਆਈਡੀਸੀ ਹੈ, ਕਿਸਾਨਾਂ ਦੀ ਜ਼ਮੀਨ ਲੁੱਟੀ ਜਾ ਰਹੀ ਹੈ। ਨਦੀਆਂ ਵੀ ਖਰਾਬ ਹੋ ਰਹੀਆਂ ਹਨ। ਅਸੀਂ ਉਦਯੋਗਾਂ ਦੇ ਵਿਰੁੱਧ ਨਹੀਂ ਹਾਂ ਪਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ, ਕਿ ਜਦੋਂ ਫੈਕਟਰੀਆਂ ਸਥਾਪਿਤ ਕੀਤੀਆਂ ਜਾਣ ਤਾਂ ਕੂੜੇ ਨਾਲ ਨਜਿੱਠਣ ਲਈ ਵੀ ਪ੍ਰਬੰਧ ਕੀਤੇ ਜਾਣ।