ਸਲਮਾਨ ਖੁਰਸ਼ੀਦ ਦੀ ਕਿਤਾਬ ਦਾ ਵਿਵਾਦ ਥੱਮਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ। ਇਸ ਵਿਚਾਲੇ ਸਲਮਾਨ ਖੁਰਸ਼ੀਦ ਲਈ ਇੱਕ ਰਾਹਤ ਦੀ ਖ਼ਬਰ ਆ ਰਹੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੀ ਇੱਕ ਕਿਤਾਬ 'ਤੇ ਸਮਾਜ ਦੇ ਇੱਕ ਵੱਡੇ ਵਰਗ ਦੀਆਂ ਭਾਵਨਾਵਾਂ ਨੂੰ ਕਥਿਤ ਤੌਰ 'ਤੇ ਠੇਸ ਪਹੁੰਚਾਉਣ ਦੇ ਮਾਮਲੇ ਚ ਸੁਣਵਾਈ ਕੀਤੀ। ਅਦਾਲਤ ਨੇ ਇਸ ਦੇ ਪ੍ਰਕਾਸ਼ਨ, ਸਰਕੂਲੇਸ਼ਨ ਅਤੇ ਵਿਕਰੀ ਨੂੰ ਰੋਕਣ ਦੇ ਨਿਰਦੇਸ਼ਾਂ ਦੀ ਮੰਗ ਕਰਨ ਵਾਲੇ ਮੁਕੱਦਮੇ ਵਿਚ ਸਟੇਅ ਆਰਡਰ ਤੋਂ ਇਨਕਾਰ ਕਰ ਦਿੱਤਾ ਹੈ ।
ਹਿੰਦੂ ਸੈਨਾ ਦੇ ਪ੍ਰਧਾਨ ਵਿਸ਼ਨੂੰ ਗੁਪਤਾ ਦੁਆਰਾ ਦਾਇਰ ਮੁਕੱਦਮੇ ਵਿੱਚ ਕਥਿਤ ਤੌਰ 'ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ "ਸਨਰਾਈਜ਼ ਓਵਰ ਅਯੁੱਧਿਆ" ਸਿਰਲੇਖ ਵਾਲੀ ਕਿਤਾਬ ਦੇ ਪ੍ਰਕਾਸ਼ਨ, ਪ੍ਰਸਾਰਣ ਅਤੇ ਵਿਕਰੀ ਨੂੰ ਰੋਕਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ । ਅਦਾਲਤ ਨੇ ਕਿਹਾ ਕਿ ਲੇਖਕ ਅਤੇ ਪ੍ਰਕਾਸ਼ਕ ਨੂੰ ਕਿਤਾਬ ਲਿਖਣ ਅਤੇ ਪ੍ਰਕਾਸ਼ਿਤ ਕਰਨ ਦਾ ਪੂਰਾ ਅਧਿਕਾਰ ਹੈ। ਅਦਾਲਤ ਨੇ ਕਿਹਾ, " ਮੁਕੱਦਮਾ ਇਹ ਸਥਾਪਿਤ ਕਰਨ ਦੇ ਯੋਗ ਨਹੀਂ ਹੈ ਕਿ ਕਿਤਾਬ ਜਾਂ ਕਿਤਾਬ ਦੇ ਕਥਿਤ 'ਅਪਮਾਨਜਨਕ' ਭਾਗਾਂ ਤੋਂ ਬਚਣਾ ਅਸੁਵਿਧਾਜਨਕ ਹੋਵੇਗਾ। ਇਸ ਲਈ ਕੋਰਟ ਨੇ ਸਲਮਾਨ ਖੁਰਸ਼ੀਦ ਦੀ ਕਿਤਾਬ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਜਿਕਰਯੋਗ ਹੈ ਕਿ ਇਸਤੋਂ ਪਹਿਲਾ ਸਲਮਾਨ ਖੁਰਸ਼ੀਦ ਦੇ ਨੈਨੀਤਾਲ ਵਾਲੇ ਘਰ ਵਿਚ ਕੁਝ ਸ਼ਰਾਰਤੀ ਲੋਕਾਂ ਨੇ ਅੱਗਜਨੀ ਕਰ ਦਿੱਤੀ ਸੀ। ਜਿਸਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਅਜਿਹੇ ਹਿੰਦੂ ਲੋਕਾਂ ਦਾ ਹੀ ਜਿਕਰ ਕੀਤਾ ਹੈ। ਇਸਤੋਂ ਬਾਅਦ ਸਲਮਾਨ ਖੁਰਸ਼ੀਦ ਨੇ ਕਿਹਾ ਸੀ ਕਿ ਉਹ ਅਜਿਹੇ ਲੋਕਾਂ ਤੋਂ ਡਰਨ ਵਾਲੇ ਨਹੀਂ ਹਨ। ਸਲਮਾਨ ਖੁਰਸ਼ੀਦ ਨੇ ਕਿਤਾਬ ਤੇ ਸਫਾਈ ਦਿੰਦੇ ਹੋਏ ਵੀ ਕਿਹਾ ਸੀ, ਕਿ ਹਿੰਦੂ ਧਰਮ ਬਹੁਤ ਚੰਗਾ ਹੈ ਅਤੇ ਉਹ ਹਿੰਦੂ ਧਰਮ ਦਾ ਸਨਮਾਨ ਕਰਦੇ ਹਨ।