
ਸ਼ਰਧਾ ਮਰਡਰ ਕੇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ ਅਤੇ ਇਸ ਕਤਲ ਨੇ ਮਾਨਵਤਾ ਨੂੰ ਸ਼ਰਮਸ਼ਾਰ ਕੀਤਾ ਹੈ। ਸ਼ਰਧਾ ਵਾਕਰ ਮਰਡਰ ਕੇਸ ਵਿੱਚ ਆਏ ਦਿਨ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ, ਜਿਸ ਨੇ ਹਲਚਲ ਮਚਾ ਦਿੱਤੀ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸ਼ਰਧਾ ਨੇ ਸਾਲ 2022 'ਚ ਪੁਲਿਸ ਨੂੰ ਚਿੱਠੀ ਲਿਖੀ ਸੀ, ਜਿਸ ਨੂੰ ਮੈਂ ਦੇਖਿਆ। ਉਪ ਮੁੱਖ ਮੰਤਰੀ ਫੜਨਵੀਸ ਨੇ ਕਿਹਾ ਕਿ ਜੇਕਰ ਇਸ 'ਤੇ ਕਾਰਵਾਈ ਕੀਤੀ ਜਾਂਦੀ ਤਾਂ ਸ਼ਾਇਦ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ, 'ਮੈਂ ਸ਼ਰਧਾ ਦਾ ਸ਼ਿਕਾਇਤ ਪੱਤਰ ਦੇਖਿਆ ਹੈ। ਇਸ ਵਿੱਚ ਬਹੁਤ ਗੰਭੀਰ ਦੋਸ਼ ਲਾਏ ਗਏ ਹਨ। ਇਸ ਪੱਤਰ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ, ਇਸ ਦੀ ਜਾਂਚ ਕੀਤੀ ਜਾਵੇਗੀ।
ਇਸ ਮਾਮਲੇ 'ਤੇ ਬਿਆਨ ਦਿੰਦੇ ਹੋਏ ਉਪ ਮੁੱਖ ਮੰਤਰੀ ਫੜਨਵੀਸ ਨੇ ਅੱਗੇ ਕਿਹਾ ਕਿ ਮੈਂ ਕਿਸੇ 'ਤੇ ਦੋਸ਼ ਨਹੀਂ ਲਗਾਉਣਾ ਚਾਹੁੰਦਾ। ਫਿਰ ਵੀ ਜੇਕਰ ਇਸ ਤਰ੍ਹਾਂ ਦੇ ਪੱਤਰ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਭਵਿੱਖ 'ਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਪੱਤਰ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ, ਇਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ, 'ਜੇਕਰ ਉਸ ਸਮੇਂ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾਂਦੀ ਤਾਂ ਸ਼ਰਧਾ ਨੂੰ ਬਚਾਇਆ ਜਾ ਸਕਦਾ ਸੀ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਪਾਲਘਰ ਦੀ ਰਹਿਣ ਵਾਲੀ ਲੜਕੀ ਸ਼ਰਧਾ ਵਾਕਰ ਦੇ ਕਤਲ ਮਾਮਲੇ 'ਚ ਦਿੱਲੀ ਪੁਲਸ ਸਬੂਤਾਂ ਦੀ ਭਾਲ 'ਚ ਲੱਗੀ ਹੋਈ ਹੈ। ਇਸ ਮਾਮਲੇ 'ਚ ਦੋਸ਼ੀ ਆਫਤਾਬ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਗਿਆ ਹੈ। ਹਾਲਾਂਕਿ ਅਜੇ ਨਾਰਕੋ ਟੈਸਟ ਹੋਣਾ ਬਾਕੀ ਹੈ। ਇਸ ਦੌਰਾਨ ਇਸ ਕਤਲ ਕਾਂਡ ਵਿੱਚ ਇੱਕ ਖ਼ੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ਰਧਾ ਨੇ ਆਫਤਾਬ ਦੇ ਹਿੰਸਕ ਰੁਝਾਨ ਤੋਂ ਪਰੇਸ਼ਾਨ ਹੋ ਕੇ ਨਵੰਬਰ 2020 'ਚ ਮੁੰਬਈ ਦੇ ਤੁਲਿੰਜ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਿੱਤੀ ਸੀ।
ਪੁਲਿਸ ਨੂੰ ਲਿਖੀ ਚਿੱਠੀ 'ਚ ਸ਼ਰਧਾ ਨੇ ਕਿਹਾ ਸੀ ਕਿ ਆਫਤਾਬ ਤੋਂ ਜਾਨ ਦਾ ਖਤਰਾ ਹੈ। ਸ਼ਿਕਾਇਤ 'ਚ ਸ਼ਰਧਾ ਨੇ ਇਹ ਵੀ ਕਿਹਾ ਸੀ ਕਿ ਆਫਤਾਬ ਉਸਦੇ ਸਰੀਰ ਦੇ ਟੁਕੜੇ-ਟੁਕੜੇ ਕਰਨ ਦੀ ਧਮਕੀ ਦਿੰਦਾ ਸੀ। ਇਹ ਧਮਕੀ 18 ਮਈ 2022 ਨੂੰ ਸੱਚ ਸਾਬਤ ਹੋਈ। ਸ਼ਿਕਾਇਤ 'ਚ ਸ਼ਰਧਾ ਨੇ ਇਹ ਵੀ ਕਿਹਾ ਸੀ ਕਿ ਆਫਤਾਬ ਅਕਸਰ ਉਸ ਦੀ ਕੁੱਟਮਾਰ ਕਰਦਾ ਸੀ।