
ਮਹਿਲਾ 'ਤੇ ਪਿਸ਼ਾਬ ਕਰਨ ਦੇ ਮਾਮਲੇ 'ਚ ਏਅਰ ਇੰਡੀਆ 'ਤੇ DGCA ਨੇ ਸਖਤੀ ਦਿਖਾਈ ਹੈ। DGCA ਨੇ ਏਅਰ ਇੰਡੀਆ (ਏਆਈ) ਯਾਤਰੀ ਦੁਆਰਾ ਇੱਕ ਔਰਤ 'ਤੇ ਪਿਸ਼ਾਬ ਕਰਨ ਲਈ ਏਅਰਲਾਈਨ 'ਤੇ ਭਾਰੀ ਜੁਰਮਾਨਾ ਲਗਾਇਆ ਹੈ।
DGCA ਨੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਏਅਰ ਇੰਡੀਆ 'ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਏਅਰ ਇੰਡੀਆ ਦੇ ਡਾਇਰੈਕਟਰ-ਇਨ-ਫਲਾਈਟ ਸਰਵਿਸਿਜ਼ 'ਤੇ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਦੱਸ ਦਈਏ ਕਿ ਏਅਰ ਇੰਡੀਆ ਨੇ ਕਿਹਾ ਕਿ ਉਸਨੇ ਪਿਛਲੇ ਸਾਲ ਨਵੰਬਰ 'ਚ ਫਲਾਈਟ ਦੌਰਾਨ ਇਕ ਬਜ਼ੁਰਗ ਔਰਤ 'ਤੇ ਪਿਸ਼ਾਬ ਕਰਨ ਦੇ ਦੋਸ਼ 'ਚ ਸ਼ੰਕਰ ਮਿਸ਼ਰਾ 'ਤੇ ਚਾਰ ਮਹੀਨੇ ਦੀ ਹਵਾਈ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ।
ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਸੀ ਕਿ ਇਹ ਪਾਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ ਅਤੇ ਮਿਸ਼ਰਾ 'ਤੇ ਪਹਿਲਾਂ ਲਗਾਈ ਗਈ 30 ਦਿਨਾਂ ਦੀ ਪਾਬੰਦੀ ਤੋਂ ਇਲਾਵਾ ਹੈ। ਮਿਸ਼ਰਾ ਨੇ 26 ਨਵੰਬਰ 2022 ਨੂੰ ਨਿਊਯਾਰਕ, ਅਮਰੀਕਾ ਤੋਂ ਦਿੱਲੀ ਆ ਰਹੀ ਫਲਾਈਟ ਵਿੱਚ ਨਸ਼ੇ ਦੀ ਹਾਲਤ ਵਿੱਚ ਇੱਕ ਬਜ਼ੁਰਗ ਮਹਿਲਾ ਸਹਿ-ਯਾਤਰੀ ਉੱਤੇ ਕਥਿਤ ਤੌਰ 'ਤੇ ਪਿਸ਼ਾਬ ਕਰ ਦਿੱਤਾ ਸੀ।
ਏਅਰ ਇੰਡੀਆ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਸਾਬਕਾ ਜ਼ਿਲਾ ਜੱਜ ਦੀ ਅਗਵਾਈ ਵਾਲੀ 3 ਮੈਂਬਰੀ ਸੁਤੰਤਰ ਅੰਦਰੂਨੀ ਕਮੇਟੀ ਨੇ ਪਾਇਆ ਹੈ ਕਿ ਸ਼ੰਕਰ ਮਿਸ਼ਰਾ ਦਾ ਵਿਵਹਾਰ 'ਅਨਿਯਮਤ ਯਾਤਰੀ' ਦੀ ਪਰਿਭਾਸ਼ਾ ਦੇ ਅੰਦਰ ਆਉਂਦਾ ਹੈ ਅਤੇ ਉਸਨੂੰ ਏਅਰ ਇੰਡੀਆ ਦੇ ਸੰਬੰਧਤ ਪ੍ਰਬੰਧਾਂ ਦੀ ਪਾਲਣਾ ਕਰਨ ਦੀ ਲੋੜ ਹੈ। ਸਿਵਲ ਏਵੀਏਸ਼ਨ ਰਿਕਵਾਇਰਮੈਂਟਸ (ਸੀ.ਏ.ਆਰ.) ਦੇ ਤਹਿਤ ਉਸ 'ਤੇ 4 ਮਹੀਨਿਆਂ ਲਈ ਹਵਾਈ ਯਾਤਰਾ ਕਰਨ 'ਤੇ ਪਾਬੰਦੀ ਹੈ।
ਮਿਸ਼ਰਾ ਦਾ ਨਾਂ ਪਹਿਲਾਂ ਹੀ ਏਅਰਲਾਈਨ ਦੀ 'ਨੋ ਫਲਾਈ ਲਿਸਟ' 'ਚ ਹੈ। ਬੁਲਾਰੇ ਨੇ ਕਿਹਾ ਕਿ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਕਮੇਟੀ ਦੀ ਰਿਪੋਰਟ ਦੀ ਇੱਕ ਕਾਪੀ ਡੀਜੀਸੀਏ ਨਾਲ ਸਾਂਝੀ ਕੀਤੀ ਹੈ ਅਤੇ ਉਹ ਰਿਪੋਰਟ ਨੂੰ ਦੇਸ਼ ਵਿੱਚ ਸੰਚਾਲਿਤ ਹੋਰ ਏਅਰਲਾਈਨਾਂ ਨਾਲ ਵੀ ਸਾਂਝਾ ਕਰੇਗੀ। ਉਨ੍ਹਾਂ ਕਿਹਾ ਕਿ ਦੂਜੀਆਂ ਕੰਪਨੀਆਂ ਖੁਦ ਫੈਸਲਾ ਕਰ ਸਕਦੀਆਂ ਹਨ ਕਿ ਮਿਸ਼ਰਾ 'ਤੇ ਪਾਬੰਦੀ ਲਗਾਈ ਜਾਵੇ ਜਾਂ ਨਹੀਂ। ਇਸ ਸਮੇਂ ਮਿਸ਼ਰਾ ਜੇਲ੍ਹ ਵਿੱਚ ਬੰਦ ਹਨ ਅਤੇ ਮਾਮਲਾ ਦਿੱਲੀ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਏਅਰ ਇੰਡੀਆ ਨੇ 4 ਜਨਵਰੀ ਨੂੰ ਕਿਹਾ ਸੀ ਕਿ ਉਸ ਨੇ ਮਿਸ਼ਰਾ 'ਤੇ 30 ਦਿਨਾਂ ਦੀ ਯਾਤਰਾ ਪਾਬੰਦੀ ਲਗਾਈ ਸੀ, ਪਰ ਇਹ ਨਹੀਂ ਦੱਸਿਆ ਕਿ ਪਾਬੰਦੀ ਕਦੋਂ ਤੋਂ ਲਾਗੂ ਹੋਵੇਗੀ।