
ਕਰਨਾਟਕ ਵਿੱਚ ਜਿੱਤ ਤੋਂ ਬਾਅਦ ਕਾਂਗਰਸ ਵਿਚ ਖੁਸ਼ੀ ਦੀ ਲਹਿਰ ਹੈ। ਕਾਂਗਰਸ ਨੇਤਾ ਸਿਧਾਰਮਈਆ ਅਤੇ ਡੀਕੇ ਸ਼ਿਵਕੁਮਾਰ ਸ਼ੁੱਕਰਵਾਰ ਦੁਪਹਿਰ 2:30 ਵਜੇ ਦਿੱਲੀ ਪਹੁੰਚੇ। ਦੋਵਾਂ ਨੇਤਾਵਾਂ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਨਾਲ ਮੁਲਾਕਾਤ ਕੀਤੀ। ਦੁਪਹਿਰ 3 ਵਜੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਕੇ ਨੇ ਕਿਹਾ ਕਿ ਅਸੀਂ ਭਲਕੇ ਕਰਨਾਟਕ ਵਿੱਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਲਈ ਪਾਰਟੀ ਆਗੂਆਂ ਨੂੰ ਸੱਦਾ ਦੇਣ ਆਏ ਹਾਂ। ਉਨ੍ਹਾਂ ਨੇ ਕਰਨਾਟਕ ਚੋਣਾਂ 'ਚ ਪਸੀਨਾ ਵਹਾਇਆ ਹੈ, ਇਸ ਲਈ ਮੈਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਸੱਦਾ ਦੇਣਾ ਚਾਹੁੰਦਾ ਸੀ। ਇੱਥੇ ਮੰਤਰੀ ਮੰਡਲ ਦੇ ਗਠਨ ਬਾਰੇ ਵੀ ਚਰਚਾ ਕੀਤੀ ਗਈ।
ਇਸ ਦੌਰਾਨ ਸਿੱਧਰਮਈਆ ਨੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਐਨਸੀਪੀ ਮੁਖੀ ਸ਼ਰਦ ਪਵਾਰ ਭਲਕੇ ਕਰਨਾਟਕ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਨਿਤੀਸ਼ ਨੇ ਕਿਹਾ ਕਿ ਮੈਨੂੰ ਸਿੱਧਰਮਈਆ ਅਤੇ ਕਾਂਗਰਸ ਪ੍ਰਧਾਨ ਨੇ ਸੱਦਾ ਦਿੱਤਾ ਹੈ। ਜੇਕਰ ਵਿਰੋਧੀ ਪਾਰਟੀਆਂ ਇੱਕਜੁੱਟ ਹੋਣ ਤਾਂ ਇਹ ਦੇਸ਼ ਹਿੱਤ ਵਿੱਚ ਹੋਵੇਗਾ। ਮੈਂ ਇਸ ਦਿਸ਼ਾ ਵਿੱਚ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ।
ਇਸ ਦੇ ਨਾਲ ਹੀ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਖੜਗੇ ਨੇ ਮੈਨੂੰ ਸਮਾਗਮ ਲਈ ਸੱਦਾ ਦਿੱਤਾ ਹੈ। ਭਲਕੇ ਮੈਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਾਂਗਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗੀ। ਉਨ੍ਹਾਂ ਦੀ ਥਾਂ 'ਤੇ ਟੀਐਮਸੀ ਦੇ ਸੰਸਦ ਮੈਂਬਰ ਕਾਕੋਲੀ ਘੋਸ਼ ਸਹੁੰ ਚੁੱਕ ਸਮਾਗਮ 'ਚ ਮੌਜੂਦ ਹੋਣਗੇ। ਪਾਰਟੀ ਦੇ ਨੇਤਾ ਡੇਰੇਕ ਓ ਬ੍ਰਾਇਨ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਖੜਗੇ ਨੇ ਮਮਤਾ ਬੈਨਰਜੀ ਨੂੰ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।
ਮਮਤਾ ਨੇ ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਹ ਵੀ ਕਿਹਾ ਕਿ ਕਾਕੋਲੀ ਘੋਸ਼ ਉਨ੍ਹਾਂ ਦੇ ਸਥਾਨ 'ਤੇ ਸਮਾਗਮ 'ਚ ਸ਼ਿਰਕਤ ਕਰਨਗੇ। ਦੱਸ ਦੇਈਏ ਕਿ ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ ਕਰਨਾਟਕ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਵੀਰਵਾਰ ਦੇਰ ਸ਼ਾਮ ਰਾਜ ਭਵਨ ਗਏ ਸਨ। ਉਹ ਕਾਂਗਰਸ ਦੇ ਵਫ਼ਦ ਸਮੇਤ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਮਿਲੇ ਸਨ। ਰਾਜਪਾਲ ਨੇ ਫਿਰ ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ ਨੂੰ ਸਹੁੰ ਚੁੱਕਣ ਲਈ ਬੁਲਾਇਆ ਸੀ।