ਮੇਵਾਤ 'ਚ ਨਜਾਇਜ਼ ਮਾਈਨਿੰਗ ਰੋਕਣ ਪਹੁੰਚੇ ਡੀਐਸਪੀ ਨੂੰ ਡੰਪਰ ਨੇ ਕੁਚਲਿਆ

ਅਨਿਲ ਵਿੱਜ ਨੇ ਕਿਹਾ ਕਿ ਸਰਕਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਨਿਲ ਵਿੱਜ ਨੇ ਕਿਹਾ ਕਿ ਮਾਈਨਿੰਗ ਮਾਫੀਆ ਨੂੰ ਬਖਸ਼ਿਆ ਨਹੀਂ ਜਾਵੇਗਾ।
ਮੇਵਾਤ 'ਚ ਨਜਾਇਜ਼ ਮਾਈਨਿੰਗ ਰੋਕਣ ਪਹੁੰਚੇ ਡੀਐਸਪੀ ਨੂੰ ਡੰਪਰ ਨੇ ਕੁਚਲਿਆ

ਹਰਿਆਣਾ ਦੇ ਮੇਵਾਤ ਵਿੱਚ ਡੀਐਸਪੀ ਨੂੰ ਡੰਪਰ ਵੱਲੋਂ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀਐਸਪੀ ਸੁਰਿੰਦਰ ਸਿੰਘ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੁੱਜੇ ਸਨ,ਪਰ ਮਾਫ਼ੀਆ ਦੇ ਲੋਕਾਂ ਨੇ ਉਨ੍ਹਾਂ ’ਤੇ ਡੰਪਰ ਚੜ੍ਹਾ ਦਿਤਾ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਨੂਹ ਪੁਲੀਸ ਨੇ ਦੱਸਿਆ ਕਿ ਸੁਰਿੰਦਰ ਸਿੰਘ ਬਿਸ਼ਨੋਈ ਨੂੰ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲੀ ਸੀ ਅਤੇ ਉਹ ਜਾਂਚ ਲਈ ਮੌਕੇ ’ਤੇ ਪੁੱਜੇ ਸਨ। ਇਸ ਦੌਰਾਨ ਨਾਜਾਇਜ਼ ਮਾਈਨਿੰਗ ਕਰ ਰਹੇ ਇਕ ਟਰੱਕ ਨੂੰ ਉਨ੍ਹਾਂ 'ਤੇ ਚੜ੍ਹਾ ਦਿੱਤਾ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਡੀਐਸਪੀ ਸੁਰਿੰਦਰ ਸਿੰਘ ਕੁਝ ਸਮੇਂ ਬਾਅਦ ਸੇਵਾਮੁਕਤ ਹੋਣ ਵਾਲੇ ਸਨ। ਫਿਲਹਾਲ ਕਾਤਲਾਂ ਦੀ ਭਾਲ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਘਟਨਾ 'ਚ ਇਕ ਹੋਰ ਟਰੱਕ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਫਿਲਹਾਲ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਬਲ ਤਾਇਨਾਤ ਹੈ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਡਰਾਈਵਰ ਦੀ ਭਾਲ ਜਾਰੀ ਹੈ।

ਰਿਪੋਰਟਾਂ ਅਨੁਸਾਰ, ਟਰੱਕਾਂ ਕੋਲ ਮਾਈਨ ਕੀਤੇ ਪੱਥਰਾਂ ਨੂੰ ਲਿਜਾਣ ਦਾ ਕੋਈ ਅਧਿਕਾਰ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਡੀਐਸਪੀ ਨੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਉਸ ਨੂੰ ਧੱਕਾ ਦੇ ਦਿੱਤਾ। ਇੱਕ ਟਵੀਟ ਵਿੱਚ ਹਰਿਆਣਾ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਕਾਤਲਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਬਿਆਨ ਸਾਹਮਣੇ ਆਇਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਨਿਲ ਵਿੱਜ ਨੇ ਕਿਹਾ ਕਿ ਮਾਈਨਿੰਗ ਮਾਫੀਆ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਆਸ-ਪਾਸ ਦੇ ਜ਼ਿਲ੍ਹਿਆਂ ਵਿਚ ਵੀ ਫੋਰਸ ਤਾਇਨਾਤ ਕਰਨੀ ਪਈ ਤਾਂ ਉਹ ਕਰਨਗੇ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਤਵਾਡੂ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਪੰਜਗਾਓਂ ਦੀਆਂ ਪਹਾੜੀਆਂ 'ਚ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।

ਡੀਐਸਪੀ ਸੁਰਿੰਦਰ ਸਿੰਘ ਪੁਲੀਸ ਟੀਮ ਸਮੇਤ ਛਾਪੇਮਾਰੀ ਕਰਨ ਪਹਾੜੀ ’ਤੇ ਪੁੱਜੇ। ਉਨ੍ਹਾਂ ਮਾਈਨਿੰਗ ਮਾਫੀਆ ਨੂੰ ਮੌਕੇ 'ਤੇ ਹੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੱਥਰਾਂ ਨਾਲ ਭਰਿਆ ਡੰਪਰ ਡੀ.ਐਸ.ਪੀ. ਉਤੇ ਚੜਾ ਦਿਤਾ। ਡੰਪਰ ਦੀ ਲਪੇਟ 'ਚ ਆਉਣ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਡੰਪਰ ਉਸ ਦੇ ਉੱਪਰ ਜਾ ਚੜ੍ਹਿਆ। ਡੀਐਸਪੀ ਸੁਰਿੰਦਰ ਸਿੰਘ ਹਿਸਾਰ ਜ਼ਿਲ੍ਹੇ ਦੇ ਆਦਮਪੁਰ ਇਲਾਕੇ ਦੇ ਪਿੰਡ ਸਾਰੰਗਪੁਰ ਦਾ ਰਹਿਣ ਵਾਲਾ ਸੀ। ਉਹ 12 ਅਪਰੈਲ 1994 ਨੂੰ ਹਰਿਆਣਾ ਪੁਲੀਸ ਵਿੱਚ ਏਐਸਆਈ ਦੇ ਅਹੁਦੇ ’ਤੇ ਭਰਤੀ ਹੋਏ ਸਨ। ਸੁਰਿੰਦਰ ਸਿੰਘ ਨੇ 31 ਅਕਤੂਬਰ ਨੂੰ ਪੁਲਿਸ ਦੀ ਨੌਕਰੀ ਤੋਂ ਸੇਵਾਮੁਕਤ ਹੋਣਾ ਸੀ।

Related Stories

No stories found.
logo
Punjab Today
www.punjabtoday.com