ਹਿਮਾਚਲ ਚੋਣਾਂ ਦੀਆਂ ਤਰੀਕਾਂ ਦਾ ਅੱਜ ਹੋਵੇਗਾ ਐਲਾਨ, 3 ਵਜੇ ਪ੍ਰੈੱਸ ਕਾਨਫਰੰਸ

ਸਾਲ 2021 ਵਿੱਚ 3 ਸੀਟਾਂ ਲਈ ਹੋਈਆਂ ਉਪ ਚੋਣਾਂ ਵਿੱਚ ਭਾਜਪਾ ਸਾਰੀਆਂ ਸੀਟਾਂ ਹਾਰ ਗਈ ਸੀ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਹਾਰ ਦਾ ਕਾਰਣ ਵਧਦੀ ਮਹਿੰਗਾਈ ਨੂੰ ਦੱਸਿਆ ਸੀ।
ਹਿਮਾਚਲ ਚੋਣਾਂ ਦੀਆਂ ਤਰੀਕਾਂ ਦਾ ਅੱਜ ਹੋਵੇਗਾ ਐਲਾਨ, 3 ਵਜੇ ਪ੍ਰੈੱਸ ਕਾਨਫਰੰਸ

ਹਿਮਾਚਲ ਚੋਣਾਂ ਦੀ ਤਰੀਕਾਂ ਦਾ ਐਲਾਨ ਅੱਜ ਹੋਣ ਵਾਲਾ ਹੈ। ਇਸ ਨੂੰ ਲੈਕੇ ਚੋਣ ਕਮਿਸ਼ਨ ਨੇ ਅੱਜ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਹੈ। ਇਸ ਵਿੱਚ ਚੋਣ ਕਮਿਸ਼ਨ ਹਿਮਾਚਲ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ।

ਕੁਝ ਰਿਪੋਰਟਾਂ 'ਚ ਕਿਹਾ ਜਾ ਰਿਹਾ ਸੀ ,ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ ਹੋ ਸਕਦਾ ਹੈ। ਪਰ ਸੂਤਰਾਂ ਨੇ ਦੱਸਿਆ ਕਿ ਅੱਜ ਹਿਮਾਚਲ ਲਈ ਹੀ ਐਲਾਨ ਕੀਤਾ ਜਾਵੇਗਾ। ਗੁਜਰਾਤ ਦੀਆਂ ਤਰੀਕਾਂ ਦਾ ਐਲਾਨ 20 ਅਕਤੂਬਰ ਤੋਂ ਬਾਅਦ ਕੀਤਾ ਜਾਵੇਗਾ।

ਹਿਮਾਚਲ ਵਿਧਾਨ ਸਭਾ ਦਾ ਕਾਰਜਕਾਲ 8 ਜਨਵਰੀ ਨੂੰ ਖਤਮ ਹੋ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਕੁੱਲ 68 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚੋਂ 20 ਸੀਟਾਂ ਰਾਖਵੀਆਂ ਹਨ। 17 ਸੀਟਾਂ ਅਨੁਸੂਚਿਤ ਜਾਤੀਆਂ (SC) ਲਈ ਅਤੇ 3 ਸੀਟਾਂ ਅਨੁਸੂਚਿਤ ਜਨਜਾਤੀ (ST) ਲਈ ਰਾਖਵੀਆਂ ਹਨ। 2017 ਵਿੱਚ ਭਾਜਪਾ ਨੇ ਪੂਰਨ ਬਹੁਮਤ ਨਾਲ ਜਿੱਤ ਦਰਜ ਕਰਕੇ ਸਰਕਾਰ ਬਣਾਈ ਸੀ। ਚੋਣਾਂ ਵਿੱਚ ਭਾਜਪਾ ਨੇ 44 ਅਤੇ ਕਾਂਗਰਸ ਨੇ 21 ਸੀਟਾਂ ਜਿੱਤੀਆਂ ਸਨ।

ਸੀਪੀਆਈਐਮ ਨੇ ਇੱਕ ਸੀਟ ਜਿੱਤੀ ਅਤੇ ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਜਿੱਤੀਆਂ। 2021 ਵਿੱਚ 3 ਸੀਟਾਂ ਲਈ ਹੋਈਆਂ ਉਪ ਚੋਣਾਂ ਵਿੱਚ ਭਾਜਪਾ ਸਾਰੀਆਂ ਸੀਟਾਂ ਹਾਰ ਗਈ ਸੀ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਹਾਰ ਦਾ ਕਾਰਨ ਵਧਦੀ ਮਹਿੰਗਾਈ ਨੂੰ ਦੱਸਿਆ ਸੀ। ਛੋਟੇ ਜਿਹੇ ਸੂਬੇ ਹਿਮਾਚਲ ਵਿੱਚ ਮਹਿੰਗਾਈ ਅਤੇ ਰੁਜ਼ਗਾਰ ਮੁੱਖ ਮੁੱਦੇ ਹਨ।

ਮੌਜੂਦਾ ਮੁੱਖ ਮੰਤਰੀ ਜੈ ਰਾਮ ਠਾਕੁਰ ਭਾਜਪਾ ਦੇ ਸਭ ਤੋਂ ਵੱਡੇ ਦਾਅਵੇਦਾਰ ਅਤੇ ਉਮੀਦਵਾਰ ਹਨ। ਜੇਕਰ 2017 ਵਾਂਗ ਕੋਈ ਵੱਡਾ ਬਦਲਾਅ ਹੁੰਦਾ ਹੈ ਤਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਮੁੱਖ ਮੰਤਰੀ ਦਾ ਚਿਹਰਾ ਬਣ ਸਕਦੇ ਹਨ। ਕਾਂਗਰਸ ਤੋਂ ਮੁਕੇਸ਼ ਅਗਨੀਹੋਤਰੀ, ਕੌਲ ਸਿੰਘ ਠਾਕੁਰ, ਸੁਖਵਿੰਦਰ ਸਿੰਘ ਸੁੱਖੂ, ਰਾਮਲਾਲ ਠਾਕੁਰ, ਆਸ਼ਾ ਕੁਮਾਰੀ ਸੀਐੱਮ ਦੇ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ।

ਸੱਤਾ 'ਚ ਰਹਿੰਦਿਆਂ ਕਾਂਗਰਸ ਨੇ ਤਤਕਾਲੀ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਨਾਂ 'ਤੇ ਚੋਣ ਮੈਦਾਨ 'ਚ ਉਤਰੀ ਸੀ। ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵੀਰਭੱਦਰ ਸਿੰਘ ਦਾ 2021 ਵਿੱਚ ਦਿਹਾਂਤ ਹੋ ਗਿਆ ਸੀ। ਇਸ ਵਾਰ ਕਾਂਗਰਸ 'ਚ ਕਈ ਦਾਅਵੇਦਾਰ ਹਨ, ਪਰ ਕਿਸੇ ਇਕ ਨਾਂ 'ਤੇ ਸਹਿਮਤੀ ਨਹੀਂ ਹੈ। ਭਾਜਪਾ ਦੀ ਗੱਲ ਕਰੀਏ ਤਾਂ ਪਾਰਟੀ 2017 ਦੀਆਂ ਚੋਣਾਂ ਤੋਂ ਪਹਿਲਾਂ ਪ੍ਰੇਮ ਕੁਮਾਰ ਧੂਮਲ ਦੇ ਨਾਂ 'ਤੇ ਚੋਣ ਮੈਦਾਨ 'ਚ ਉਤਰੀ ਸੀ।

ਭਾਜਪਾ ਹਾਈਕਮਾਂਡ ਨੇ ਧੂਮਲ ਨੂੰ ਹਮੀਰਪੁਰ ਦੀ ਬਜਾਏ ਸੁਜਾਨਪੁਰ ਤੋਂ ਟਿਕਟ ਦਿੱਤੀ ਅਤੇ ਧੂਮਲ ਉਥੋਂ ਚੋਣ ਹਾਰ ਗਏ। ਇਸ ਤੋਂ ਬਾਅਦ ਭਾਜਪਾ ਹਾਈਕਮਾਂਡ ਨੇ ਜੈ ਰਾਮ ਠਾਕੁਰ ਨੂੰ ਮੁੱਖ ਮੰਤਰੀ ਬਣਾਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ 'ਚ ਮੁੜ ਸਰਕਾਰ ਬਣਨ 'ਤੇ ਭਾਜਪਾ ਦੀ ਤਰਫੋਂ ਮੋਰਚਾ ਸੰਭਾਲ ਲਿਆ ਹੈ। ਹਿਮਾਚਲ ਵਿੱਚ ਪਹਿਲੀ ਵਾਰ ਕੋਈ ਪ੍ਰਧਾਨ ਮੰਤਰੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਜਨਤਕ ਮੀਟਿੰਗਾਂ ਕਰ ਰਿਹਾ ਹੈ।

'ਭਾਰਤ ਜੋੜੋ ਯਾਤਰਾ' 'ਤੇ ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਕਾਂਗਰਸ ਨੇ ਇਸ ਲਈ ਪ੍ਰਿਅੰਕਾ ਨੂੰ ਹਿਮਾਚਲ 'ਚ ਰੈਲੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਗੁਜਰਾਤ ਵਿੱਚ ਭਾਜਪਾ 25 ਸਾਲਾਂ ਤੋਂ ਵੱਧ ਸਮੇਂ ਤੋਂ ਸੱਤਾ ਵਿੱਚ ਹੈ। ਇਸਦੇ ਨਾਲ ਹੀ ਪਾਰਟੀ ਦੇ ਦੋ ਵੱਡੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਤੋਂ ਹਨ। ਅਜਿਹੇ 'ਚ ਪਾਰਟੀ ਇੱਥੇ ਸਰਕਾਰ ਨੂੰ ਦੁਹਰਾਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਪਾਰਟੀ ਲਈ ਇਸ ਵਾਰ ਸਰਕਾਰ ਬਣਾਉਣਾ ਆਸਾਨ ਨਹੀਂ ਹੈ। ਰੁਜ਼ਗਾਰ ਅਤੇ ਕਿਸਾਨਾਂ ਦੇ ਮੁੱਦੇ 'ਤੇ ਪਾਰਟੀ ਬੈਕਫੁੱਟ 'ਤੇ ਹੈ। ਇਸ ਦੇ ਨਾਲ ਹੀ ਇੰਨੇ ਸਾਲ ਸੱਤਾ 'ਚ ਰਹਿਣ ਕਾਰਨ ਪਾਰਟੀ 'ਚ ਸੱਤਾ ਵਿਰੋਧੀ ਭਾਵਨਾ ਵੀ ਹੈ।

Related Stories

No stories found.
logo
Punjab Today
www.punjabtoday.com