ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਨਿਆ ਹੈ ਕਿ ਚੀਨ ਨਾਲ ਭਾਰਤ ਦੇ ਰਿਸ਼ਤੇ ਚੰਗੇ ਨਹੀਂ ਹਨ। ਲੱਦਾਖ ਵਿੱਚ ਝੜਪ ਤੋਂ ਬਾਅਦ ਵੀ ਚੀਨੀ ਫੌਜ ਸਰਹੱਦੀ ਖੇਤਰਾਂ ਵਿੱਚ ਖੜੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਜੇਕਰ ਚੀਨ ਸਰਹੱਦੀ ਖੇਤਰਾਂ 'ਚ ਸ਼ਾਂਤੀ ਭੰਗ ਕਰਦਾ ਹੈ ਤਾਂ ਇਸ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ 'ਤੇ ਅਸਰ ਪਵੇਗਾ। ਭਾਰਤ ਆਪਣੇ ਸਟੈਂਡ 'ਤੇ ਕਾਇਮ ਹੈ। ਅਸੀਂ ਕਮਾਂਡਰ ਪੱਧਰ 'ਤੇ 15 ਦੌਰ ਦੀ ਗੱਲਬਾਤ ਕਰ ਚੁੱਕੇ ਹਾਂ।
ਦੋਵਾਂ ਧਿਰਾਂ ਦੇ ਉਹਨਾਂ ਸਥਾਨਾਂ ਤੋਂ ਪਿੱਛੇ ਹਟਣ ਦੇ ਸਬੰਧ ਵਿੱਚ ਕੁਝ ਮਹੱਤਵਪੂਰਨ ਪ੍ਰਗਤੀ ਹੋਈ ਹੈ, ਜਿੱਥੇ ਉਹ ਬਹੁਤ ਨੇੜੇ ਹਨ। ਉਨ੍ਹਾਂ ਕਿਹਾ ਕਿ ਅਜੇ ਵੀ ਕੁਝ ਸਥਾਨ ਅਜਿਹੇ ਹਨ, ਜਿੱਥੋਂ ਉਹ ਪਿੱਛੇ ਨਹੀਂ ਹਟੇ ਹਨ। ਜੈਸ਼ੰਕਰ ਨੇ ਕਿਹਾ, ਮੈਂ 2020 ਅਤੇ 2021 ਵਿੱਚ ਵੀ ਕਿਹਾ ਹੈ ਅਤੇ 2022 ਵਿੱਚ ਵੀ ਮੈਂ ਕਹਿ ਰਿਹਾ ਹਾਂ ਕਿ ਸਾਡੇ ਸਬੰਧ ਆਮ ਨਹੀਂ ਹਨ। ਜੇਕਰ ਸਰਹੱਦ 'ਤੇ ਸਥਿਤੀ ਆਮ ਨਹੀਂ ਹੁੰਦੀ ਹੈ ਤਾਂ ਸਬੰਧ ਆਮ ਵਾਂਗ ਨਹੀਂ ਰਹਿ ਸਕਦੇ ਹਨ ਅਤੇ ਸਰਹੱਦੀ ਸਥਿਤੀ ਅਜੇ ਵੀ ਆਮ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸਥਿਤੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਕਿਉਂਕਿ ਪਿਛਲੇ ਦੋ ਸਰਦੀਆਂ ਤੋਂ ਇੱਥੇ ਫੌਜ ਤਾਇਨਾਤ ਹੈ।
ਇਹ ਬਹੁਤ ਤਣਾਅਪੂਰਨ ਸਥਿਤੀ ਹੈ ਅਤੇ ਇਹ ਇੱਕ ਖਤਰਨਾਕ ਸਥਿਤੀ ਵੀ ਹੋ ਸਕਦੀ ਹੈ, ਇਸ ਲਈ ਅਸੀਂ ਗੱਲਬਾਤ ਕਰ ਰਹੇ ਹਾਂ। ਪਿਛਲੇ ਮਹੀਨੇ ਪੈਂਗੌਂਗ ਝੀਲ ਨੇੜੇ ਚੀਨੀ ਫੌਜ ਦੇ ਫੌਜੀ ਅਭਿਆਸ ਦਾ ਵੀਡੀਓ ਸਾਹਮਣੇ ਆਇਆ ਸੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਚੀਨੀ ਫੌਜ ਦੇ ਹੈਲੀਕਾਪਟਰ ਝੀਲ 'ਤੇ ਉੱਡ ਰਹੇ ਹਨ। ਇਸ ਤੋਂ ਪਹਿਲਾਂ ਵੀ ਚੀਨੀ ਪਾਸਿਓਂ ਝੀਲ 'ਤੇ ਪੁਲ ਬਣਾਉਣ ਦੀ ਸੈਟੇਲਾਈਟ ਤਸਵੀਰ ਸਾਹਮਣੇ ਆਈ ਸੀ। ਚੀਨ ਇਸ ਦਾ ਨਿਰਮਾਣ ਇਸ ਲਈ ਕਰ ਰਿਹਾ ਹੈ ਤਾਂ ਕਿ ਜੇਕਰ ਭਵਿੱਖ 'ਚ ਪੈਂਗੌਂਗ ਝੀਲ 'ਤੇ ਭਾਰਤ ਨਾਲ ਕੋਈ ਵਿਵਾਦ ਹੁੰਦਾ ਹੈ ਤਾਂ ਇਸ ਨੂੰ ਰਣਨੀਤਕ ਪੱਖ ਮਿਲ ਸਕਦਾ ਹੈ।
ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਲੱਦਾਖ ਦੇ ਚੁਸ਼ੁਲ-ਮੋਲਡੋ ਵਿੱਚ ਮੀਟਿੰਗ ਹੋਈ। ਰੱਖਿਆ ਮੰਤਰਾਲੇ ਮੁਤਾਬਕ ਇਸ ਬੈਠਕ 'ਚ ਦੋਵੇਂ ਪੱਖ ਫੌਜੀ ਅਤੇ ਕੂਟਨੀਤਕ ਮਾਧਿਅਮਾਂ ਰਾਹੀਂ ਗੱਲਬਾਤ ਜਾਰੀ ਰੱਖਣ ਅਤੇ ਹੋਰ ਮੁੱਦਿਆਂ ਨੂੰ ਸੁਲਝਾਉਣ 'ਤੇ ਸਹਿਮਤ ਹੋਏ। ਹਾਲਾਂਕਿ ਇਸ ਵੀਡੀਓ ਨੇ ਇੱਕ ਵਾਰ ਫਿਰ ਚੀਨ ਦੇ ਨਾਪਾਕ ਇਰਾਦਿਆਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਜੂਨ 2020 ਵਿੱਚ, ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤ ਦਰਮਿਆਨ ਹਿੰਸਕ ਝੜਪਾਂ ਹੋਈਆਂ ਸਨ, ਜਿਸ ਵਿੱਚ ਭਾਰਤ ਅਤੇ ਚੀਨ ਦੋਵਾਂ ਦੇ ਸੈਨਿਕ ਮਾਰੇ ਗਏ ਸਨ। ਇਸ ਘਟਨਾ ਤੋਂ ਬਾਅਦ ਸ਼ਾਂਤੀ ਵਾਰਤਾ ਦੇ 15 ਤੋਂ ਵੱਧ ਦੌਰ ਹੋ ਚੁੱਕੇ ਹਨ। ਪਰ ਹੁਣ ਤੱਕ ਦੋਵਾਂ ਵਿਚਾਲੇ ਕੋਈ ਸੁਲ੍ਹਾ ਨਹੀਂ ਹੋ ਸਕੀ ਹੈ। ਪੈਂਗੌਂਗ ਤਸੋ ਝੀਲ ਦਾ ਇੱਕ ਹਿੱਸਾ ਤਿੱਬਤ ਵਿੱਚ ਅਤੇ ਇੱਕ ਹਿੱਸਾ ਲੱਦਾਖ ਵਿੱਚ ਹੈ। ਸਰਹੱਦ ਦੇ ਦੋਵੇਂ ਪਾਸੇ ਕਰੀਬ 50 ਹਜ਼ਾਰ ਤੋਂ 60 ਹਜ਼ਾਰ ਜਵਾਨ ਤਾਇਨਾਤ ਹਨ।