
ਗੌਤਮ ਅਡਾਨੀ ਦੇਸ਼ ਅਤੇ ਦੁਨੀਆਂ ਵਿਚ ਰੋਜ਼ ਨਵੇਂ ਨਵੇਂ ਝੰਡੇ ਗੜ ਰਹੇ ਹਨ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਨੇ ਗੋਡਾ ਪਾਵਰ ਪ੍ਰੋਜੈਕਟ ਅਧੀਨ ਟਰਾਂਸਮਿਸ਼ਨ ਲਾਈਨ ਦਾ ਕੰਮ ਦਸੰਬਰ ਤੱਕ ਮੁਕੰਮਲ ਕਰਨ ਦਾ ਭਰੋਸਾ ਦਿੱਤਾ।
ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਪਾਵਰ ਨੇ ਝਾਰਖੰਡ ਦੇ ਗੋਡਾ ਵਿੱਚ 1600 ਮੈਗਾਵਾਟ ਦਾ ਤਾਪ ਬਿਜਲੀ ਘਰ ਸਥਾਪਿਤ ਕੀਤਾ ਹੈ। ਟਰਾਂਸਮਿਸ਼ਨ ਲਾਈਨ ਰਾਹੀਂ ਬੰਗਲਾਦੇਸ਼ ਪਾਵਰ ਡਿਵੈਲਪਮੈਂਟ ਬੋਰਡ (ਬੀਪੀਡੀਬੀ) ਨੂੰ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ। ਸਮਝੌਤੇ 'ਤੇ 2016 'ਚ ਹਸਤਾਖਰ ਕੀਤੇ ਗਏ ਸਨ। ਹਸੀਨਾ ਨਾਲ ਮੁਲਾਕਾਤ ਤੋਂ ਬਾਅਦ ਗੌਤਮ ਅਡਾਨੀ ਨੇ ਟਵਿਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ।
ਇਸ ਦੇ ਨਾਲ ਉਨ੍ਹਾਂ ਨੇ ਲਿਖਿਆ, 'ਦਿੱਲੀ 'ਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਨਾ ਸਨਮਾਨ ਦੀ ਗੱਲ ਹੈ। ਬੰਗਲਾਦੇਸ਼ ਲਈ ਉਸਦਾ ਦ੍ਰਿਸ਼ਟੀਕੋਣ ਪ੍ਰੇਰਣਾਦਾਇਕ ਅਤੇ ਦਲੇਰ ਹੈ। ਅਸੀਂ 16 ਦਸੰਬਰ 2022 ਨੂੰ ਵਿਜੇ ਦਿਵਸ 'ਤੇ ਬੰਗਲਾਦੇਸ਼ ਨੂੰ 1600 ਮੈਗਾਵਾਟ ਗੋਡਾ ਪਾਵਰ ਪ੍ਰੋਜੈਕਟ ਅਤੇ ਸਮਰਪਿਤ ਟਰਾਂਸਮਿਸ਼ਨ ਲਾਈਨ ਚਾਲੂ ਕਰਨ ਲਈ ਵਚਨਬੱਧ ਹਾਂ। ਬੰਗਲਾਦੇਸ਼ ਭਾਰਤ ਦੀ "ਗੁਆਂਢੀ ਪਹਿਲਾਂ" ਨੀਤੀ ਦੇ ਤਹਿਤ ਇੱਕ ਮਹੱਤਵਪੂਰਨ ਭਾਈਵਾਲ ਹੈ।
ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਦਾ ਘੇਰਾ ਸੁਰੱਖਿਆ, ਵਪਾਰ, ਬਿਜਲੀ ਅਤੇ ਊਰਜਾ, ਆਵਾਜਾਈ ਅਤੇ ਸੰਪਰਕ, ਵਿਗਿਆਨ ਅਤੇ ਤਕਨਾਲੋਜੀ, ਰੱਖਿਆ ਖੇਤਰ, ਨਦੀਆਂ ਅਤੇ ਸਮੁੰਦਰੀ ਮਾਮਲਿਆਂ ਸਮੇਤ ਕਈ ਖੇਤਰਾਂ ਵਿੱਚ ਫੈਲਿਆ ਹੋਇਆ ਹੈ।
ਹਸੀਨਾ, ਜੋ ਭਾਰਤ ਦੇ ਚਾਰ ਦਿਨਾਂ ਦੌਰੇ 'ਤੇ ਹੈ, ਨੇ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗੱਲਬਾਤ ਕਰਕੇ ਆਪਣੀ ਕੂਟਨੀਤਕ ਮੀਟਿੰਗ ਦੀ ਸ਼ੁਰੂਆਤ ਕੀਤੀ। ਝਾਰਖੰਡ ਸਰਕਾਰ ਅਤੇ ਅਡਾਨੀ ਪਾਵਰ ਨੇ ਫਰਵਰੀ 2016 ਵਿੱਚ 800 ਮੈਗਾਵਾਟ ਦੇ ਦੋ ਪਲਾਂਟਾਂ ਦੇ ਨਿਰਮਾਣ ਲਈ ਇੱਕ ਸਮਝੌਤਾ ਕੀਤਾ ਸੀ। ਇਸ ਤਹਿਤ ਇੱਥੇ ਪੈਦਾ ਹੋਣ ਵਾਲੀ 1600 ਮੈਗਾਵਾਟ ਬਿਜਲੀ ਨੂੰ ਵਿਸ਼ੇਸ਼ ਟਰਾਂਸਮਿਸ਼ਨ ਲਾਈਨ ਰਾਹੀਂ ਸਿੱਧੇ ਬੰਗਲਾਦੇਸ਼ ਭੇਜਿਆ ਜਾਣਾ ਹੈ।
ਇਸਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿੱਚ ਆਪਣੀ ਬੰਗਲਾਦੇਸ਼ ਯਾਤਰਾ ਦੌਰਾਨ ਕੀਤੀ ਸੀ। ਬਾਅਦ ਵਿੱਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦਿੱਲੀ ਫੇਰੀ ਦੌਰਾਨ ਇਸ 'ਤੇ ਸਹਿਮਤੀ ਬਣੀ ਸੀ। ਕਿਸੇ ਸਮੇਂ ਅਡਾਨੀ ਦੇ ਪਾਵਰ ਪਲਾਂਟ ਲਈ ਜ਼ਮੀਨ ਐਕਵਾਇਰ ਕਰਨਾ ਵੀ ਵੱਡੀ ਚੁਣੌਤੀ ਸੀ, ਜੋ ਲਗਭਗ ਤਿਆਰ ਹੈ। ਐਸਪੀਟੀ ਐਕਟ ਕਾਰਨ ਜ਼ਿਲ੍ਹੇ ਵਿੱਚ ਜ਼ਮੀਨ ਪ੍ਰਾਪਤ ਕਰਨਾ ਆਸਾਨ ਨਹੀਂ ਸੀ ਅਤੇ ਪੋਡਈਹਾਟ ਦੇ ਵਿਧਾਇਕ ਪ੍ਰਦੀਪ ਯਾਦਵ ਮੁਆਵਜ਼ਾ ਰਾਸ਼ੀ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਆਪਣੇ ਸਮਰਥਕਾਂ ਨਾਲ ਖੁੱਲ੍ਹ ਕੇ ਇਸ ਦਾ ਵਿਰੋਧ ਕਰ ਰਹੇ ਸਨ। ਬਾਅਦ ਵਿੱਚ ਸਥਾਨਕ ਲੋਕਾਂ ਨੇ ਇਲਾਕੇ ਦੇ ਵਿਕਾਸ ਲਈ ਆਪਣੀਆਂ ਜ਼ਮੀਨਾਂ ਦਿੱਤੀਆਂ ਅਤੇ ਅੱਜ ਕੰਪਨੀ ਲਗਪਗ ਤਿਆਰ ਹੋ ਚੁੱਕੀ ਹੈ।