ਜੰਮੂ-ਕਸ਼ਮੀਰ 'ਚ ਆਜ਼ਾਦ ਨੇ ਨਵੀਂ ਪਾਰਟੀ 'ਡੈਮੋਕਰੇਟਿਕ ਆਜ਼ਾਦ ਪਾਰਟੀ' ਬਣਾਈ
ਦੇਸ਼ 'ਚ ਅੱਜ ਤੋਂ ਨਵਰਾਤਰੇ ਸ਼ੁਰੂ ਹੋ ਗਏ ਹਨ ਅਤੇ ਨਵਰਾਤਰੀ ਦੇ ਪਹਿਲੇ ਦਿਨ ਜੰਮੂ-ਕਸ਼ਮੀਰ ਦੇ ਸਾਬਕਾ ਸੀਐਮ ਨੇਤਾ ਗੁਲਾਮ ਨਬੀ ਆਜ਼ਾਦ ਨੇ ਆਪਣੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਆਪਣੀ ਪਾਰਟੀ ਦਾ ਨਾਂ ਡੈਮੋਕ੍ਰੇਟਿਕ ਆਜ਼ਾਦ ਪਾਰਟੀ ਰੱਖਿਆ।

ਆਜ਼ਾਦ ਨੇ ਦੱਸਿਆ- ਮੇਰੀ ਨਵੀਂ ਪਾਰਟੀ ਲਈ ਸਾਨੂੰ ਉਰਦੂ, ਸੰਸਕ੍ਰਿਤ ਵਿੱਚ ਕਰੀਬ 1500 ਨਾਮ ਭੇਜੇ ਗਏ ਸਨ। 'ਹਿੰਦੁਸਤਾਨੀ' ਹਿੰਦੀ ਅਤੇ ਉਰਦੂ ਦਾ ਮਿਸ਼ਰਣ ਹੈ। ਅਸੀਂ ਚਾਹੁੰਦੇ ਹਾਂ ਕਿ ਨਾਮ ਜਮਹੂਰੀ, ਸ਼ਾਂਤਮਈ ਅਤੇ ਆਜ਼ਾਦ ਹੋਵੇ। ਗੁਲਾਮ ਨਬੀ ਆਜ਼ਾਦ ਨੇ ਜੰਮੂ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਆਪਣੀ ਨਵੀਂ ਪਾਰਟੀ ਦਾ ਝੰਡਾ ਵੀ ਲਾਂਚ ਕੀਤਾ। ਸਰ੍ਹੋਂ, ਚਿੱਟੇ ਅਤੇ ਨੀਲੇ ਰੰਗ ਤੋਂ ਬਣੇ ਇਸ ਝੰਡੇ ਦਾ ਸੰਦੇਸ਼ ਕਾਫੀ ਵਧੀਆ ਹੈ।
ਸਰ੍ਹੋਂ ਦਾ ਰੰਗ ਰਚਨਾਤਮਕਤਾ ਅਤੇ ਏਕਤਾ ਨੂੰ ਦਰਸਾਉਂਦਾ ਹੈ। ਚਿੱਟਾ ਸ਼ਾਂਤੀ ਨੂੰ ਦਰਸਾਉਂਦਾ ਹੈ ਅਤੇ ਨੀਲਾ ਆਜ਼ਾਦੀ, ਖੁੱਲ੍ਹੀ ਥਾਂ, ਕਲਪਨਾ ਅਤੇ ਸਮੁੰਦਰ ਦੀ ਡੂੰਘਾਈ ਤੋਂ ਲੈ ਕੇ ਅਸਮਾਨ ਦੀਆਂ ਉਚਾਈਆਂ ਤੱਕ ਦੀ ਸੀਮਾ ਨੂੰ ਦਰਸਾਉਂਦਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਵਿੱਚ ਉਮਰ ਦੀ ਕੋਈ ਹੱਦ ਨਹੀਂ ਹੋਵੇਗੀ। ਪਾਰਟੀ ਵਿੱਚ ਨੌਜਵਾਨ ਅਤੇ ਸਾਬਕਾ ਨੇਤਾ ਇਕੱਠੇ ਕੰਮ ਕਰਨਗੇ। ਗੁਲਾਮ ਨਬੀ ਆਜ਼ਾਦ ਨੇ 26 ਅਗਸਤ ਨੂੰ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਸਮੇਤ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਕਾਂਗਰਸ ਛੱਡ ਚੁੱਕੇ ਹਨ।
ਕਾਂਗਰਸ ਛੱਡਣ ਦੇ ਨਾਲ ਹੀ ਉਨ੍ਹਾਂ ਜੰਮੂ-ਕਸ਼ਮੀਰ 'ਚ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਪਾਰਟੀ ਦਾ ਨਾਮ ਅਤੇ ਝੰਡਾ ਜੰਮੂ-ਕਸ਼ਮੀਰ ਦੇ ਲੋਕ ਤੈਅ ਕਰਨਗੇ। ਉਨ੍ਹਾਂ ਨੇ ਰੈਲੀ 'ਚ ਕਿਹਾ ਸੀ, 'ਮੈਂ ਅਜੇ ਆਪਣੀ ਪਾਰਟੀ ਦਾ ਨਾਂ ਤੈਅ ਨਹੀਂ ਕੀਤਾ ਹੈ। ਪਾਰਟੀ ਦਾ ਨਾਮ ਅਤੇ ਝੰਡਾ ਜੰਮੂ-ਕਸ਼ਮੀਰ ਦੇ ਲੋਕ ਤੈਅ ਕਰਨਗੇ। ਮੈਂ ਆਪਣੀ ਪਾਰਟੀ ਨੂੰ ਇੱਕ ਹਿੰਦੁਸਤਾਨੀ ਨਾਮ ਦੇਵਾਂਗਾ, ਜੋ ਹਰ ਕੋਈ ਸਮਝ ਸਕੇ।

ਆਜ਼ਾਦ ਨੇ ਕਿਹਾ ਕਿ ਯੂਪੀਏ ਸਰਕਾਰ ਦੀ ਅਖੰਡਤਾ ਨੂੰ ਤਬਾਹ ਕਰਨ ਵਾਲਾ ਰਿਮੋਟ ਕੰਟਰੋਲ ਸਿਸਟਮ ਹੁਣ ਕਾਂਗਰਸ 'ਤੇ ਲਾਗੂ ਕੀਤਾ ਜਾ ਰਿਹਾ ਹੈ। ਆਜ਼ਾਦ ਨੇ ਸੋਨੀਆ ਗਾਂਧੀ ਨੂੰ ਕਿਹਾ ਕਿ ਤੁਸੀਂ ਇਸ ਅਹੁਦੇ 'ਤੇ ਸਿਰਫ਼ ਨਾਮ ਦੀ ਖ਼ਾਤਰ ਬੈਠੇ ਹੋ। ਰਾਹੁਲ ਗਾਂਧੀ ਸਾਰੇ ਜ਼ਰੂਰੀ ਫੈਸਲੇ ਲੈ ਰਹੇ ਹਨ, ਇਸ ਤੋਂ ਵੀ ਮਾੜੀ ਗੱਲ ਇਹ ਹੈ, ਕਿ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਅਤੇ ਪੀਏ ਇਹ ਫੈਸਲੇ ਲੈ ਰਹੇ ਹਨ।
ਇਸਤੋਂ ਪਹਿਲਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਸੀ, ਕਿ ਮੈਂ ਲਗਾਤਾਰ 4 ਦਹਾਕਿਆਂ ਤੱਕ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਰਿਹਾ। 35 ਸਾਲਾਂ ਤੱਕ ਮੈਂ ਦੇਸ਼ ਦੇ ਹਰ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪਾਰਟੀ ਦਾ ਜਨਰਲ ਸਕੱਤਰ-ਇੰਚਾਰਜ ਵੀ ਰਿਹਾ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕਾਂਗਰਸ ਨੇ 90% ਰਾਜਾਂ ਵਿੱਚ ਜਿੱਤ ਪ੍ਰਾਪਤ ਕੀਤੀ, ਜਿੱਥੇ ਮੈਂ ਇੰਚਾਰਜ ਸੀ।