
ਗੁਲਾਮ ਨਬੀ ਆਜ਼ਾਦ ਦੀ ਗਿਣਤੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿਚ ਕੀਤੀ ਜਾਂਦੀ ਹੈ। ਗੁਲਾਮ ਨਬੀ ਆਜ਼ਾਦ ਨੇ ਐਤਵਾਰ ਨੂੰ ਕਾਂਗਰਸ ਪਾਰਟੀ ਨਾਲ ਦਹਾਕਿਆਂ ਪੁਰਾਣੀ ਸਾਂਝ ਨੂੰ ਛੱਡਣ ਤੋਂ ਬਾਅਦ ਪਾਰਟੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਿਰਫ਼ ਕਾਂਗਰਸ ਹੀ ਚੁਣੌਤੀ ਦੇ ਸਕਦੀ ਹੈ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦਿੱਲੀ ਦੀ ਹੀ ਪਾਰਟੀ ਹੈ। ਸਾਬਕਾ ਕਾਂਗਰਸੀ ਆਗੂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਧਰਮ ਨਿਰਪੱਖਤਾ ਨੀਤੀ ਦੇ ਖ਼ਿਲਾਫ਼ ਨਹੀਂ, ਸਗੋਂ ਇਸ ਦੀ ਕਮਜ਼ੋਰ ਪ੍ਰਣਾਲੀ ਦੇ ਖ਼ਿਲਾਫ਼ ਹਨ। ਸ੍ਰੀਨਗਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ- ਮੈਂ ਅਜੇ ਵੀ ਚਾਹੁੰਦਾ ਹਾਂ ਕਿ ਕਾਂਗਰਸ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰੇ।
ਉਨ੍ਹਾਂ ਕਾਂਗਰਸ 'ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਪਾਰਟੀ ਲੰਮੇ ਸਮੇਂ ਤੋਂ ਸਾਰੇ ਲੋਕਾਂ ਨੂੰ ਭਾਵੇਂ ਹਿੰਦੂ, ਮੁਸਲਿਮ ਜਾਂ ਕਿਸਾਨ, ਆਪਣੇ ਨਾਲ ਲੈ ਕੇ ਚੱਲ ਰਹੀ ਹੈ। ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕਰਦਿਆਂ ਆਜ਼ਾਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਸੂਬਿਆਂ 'ਚ ਕੁਝ ਨਹੀਂ ਕਰ ਸਕਦੀ, ਉਹ ਪੰਜਾਬ 'ਚ ਫੇਲ ਹੋ ਚੁੱਕੀ ਹੈ ਅਤੇ ਪੰਜਾਬ ਦੇ ਲੋਕ ਉਨ੍ਹਾਂ ਨੂੰ ਦੁਬਾਰਾ ਵੋਟ ਨਹੀਂ ਦੇਣਗੇ, 'ਆਪ' ਸਿਰਫ਼ ਯੂਟੀ ਦਿੱਲੀ ਦੀ ਪਾਰਟੀ ਹੈ। ਉਹ ਪੰਜਾਬ ਨੂੰ ਕੁਸ਼ਲਤਾ ਨਾਲ ਨਹੀਂ ਚਲਾ ਸਕਦੇ, ਸਿਰਫ਼ ਕਾਂਗਰਸ ਹੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਨੂੰ ਚੁਣੌਤੀ ਦੇ ਸਕਦੀ ਹੈ, ਕਿਉਂਕਿ ਉਨ੍ਹਾਂ ਦੀ ਨੀਤੀ ਸਾਂਝੀ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਬਾਰੇ ਸੋਚਣ ਦੇ ਸੰਕੇਤ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਕਈ ਵਾਰ ਉਠਾਇਆ ਹੈ ਅਤੇ ਜੇਕਰ ਕੇਂਦਰ ਸਰਕਾਰ ਅਜਿਹਾ ਕਰਦੀ ਹੈ ਤਾਂ ਇਹ ਸਵਾਗਤਯੋਗ ਹੋਵੇਗਾ। ਗੁਲਾਮ ਨਬੀ ਆਜ਼ਾਦ ਡੋਡਾ ਦੇ ਦੌਰੇ 'ਤੇ ਹਨ ਜਿੱਥੇ ਉਹ ਆਉਣ ਵਾਲੇ ਦਿਨਾਂ 'ਚ ਕਈ ਰੈਲੀਆਂ ਨੂੰ ਸੰਬੋਧਨ ਕਰਨਗੇ। 26 ਅਗਸਤ 2022 ਨੂੰ ਆਜ਼ਾਦ ਨੇ ਕਾਂਗਰਸ ਪਾਰਟੀ ਨਾਲ 52 ਸਾਲ ਪੁਰਾਣਾ ਰਿਸ਼ਤਾ ਤੋੜ ਦਿੱਤਾ। ਅਕਤੂਬਰ ਵਿੱਚ ਆਜ਼ਾਦ ਨੇ ਆਪਣੀ ਨਵੀਂ ਸਿਆਸੀ ਪਾਰਟੀ ਡੈਮੋਕਰੇਟਿਕ ਆਜ਼ਾਦ ਪਾਰਟੀ ਦਾ ਐਲਾਨ ਕੀਤਾ।
ਸੋਨੀਆ ਗਾਂਧੀ ਨੂੰ ਦਿੱਤੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਉਨ੍ਹਾਂ ਨੇ ਪਿਛਲੇ ਕਰੀਬ ਨੌਂ ਸਾਲਾਂ ਵਿੱਚ ਪਾਰਟੀ ਨੂੰ ਜਿਸ ਤਰੀਕੇ ਨਾਲ ਚਲਾਇਆ ਹੈ, ਉਸ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਖਾਸ ਕਰਕੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਹੈ। ਗੁਜਰਾਤ ਵਿੱਚ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਗੁਜਰਾਤ ਵਿੱਚ ਭਾਜਪਾ ਨੇ ਲਗਾਤਾਰ ਛੇ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਕਾਂਗਰਸ 'ਭਾਰਤ ਜੋੜੋ ਯਾਤਰਾ' ਰਾਹੀਂ ਆਪਣੀ ਮੁਹਿੰਮ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 'ਆਪ' ਦੀ ਗੱਲ ਕਰੀਏ ਤਾਂ ਪਿਛਲੀਆਂ ਚੋਣਾਂ ਦੇ ਉਲਟ ਇਸ ਵਾਰ ਵੀ ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਪੂਰੇ ਜ਼ੋਰ-ਸ਼ੋਰ ਨਾਲ ਚੋਣ ਲੜ ਰਹੀ ਹੈ, ਜਿਸ ਨਾਲ ਮੁਕਾਬਲਾ ਤਿਕੋਣਾ ਬਣ ਗਿਆ ਹੈ।