
ਗੁਲਾਮ ਨਬੀ ਆਜ਼ਾਦ ਦੀ ਗਿਣਤੀ ਕਿਸੇ ਸਮੇਂ ਕਾਂਗਰਸ ਦੇ ਸੀਨੀਅਰ ਆਗੂਆਂ ਵਿਚ ਕੀਤੀ ਜਾਂਦੀ ਸੀ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ 'ਚ ਵਾਪਸੀ ਦੀਆਂ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ ਹੈ। ਆਜ਼ਾਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਹ ਸੁਣ ਕੇ ਹੈਰਾਨ ਹਨ ਕਿ ਉਹ ਕਾਂਗਰਸ ਪਾਰਟੀ 'ਚ ਮੁੜ ਸ਼ਾਮਲ ਹੋਣ ਜਾ ਰਹੇ ਹਨ।
ਆਜ਼ਾਦ ਨੇ ਕਿਹਾ ਕਿ ਬਦਕਿਸਮਤੀ ਨਾਲ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਵੱਲੋਂ ਅਜਿਹੀਆਂ ਕਹਾਣੀਆਂ ਘੜੀਆਂ ਜਾਂਦੀਆਂ ਹਨ, ਤਾਂ ਜੋ ਮੇਰੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦਾ ਮਨੋਬਲ ਤੋੜਿਆ ਜਾ ਸਕੇ। ਪਿਛਲੇ ਦਿਨੀ ਖਬਰਾਂ ਆਇਆਂ ਸਨ ਕਿ ਆਜ਼ਾਦ ਨੂੰ ਕਾਂਗਰਸ ਵਿੱਚ ਵਾਪਸ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਇਸ ਦੇ ਲਈ ਖੁਦ ਸੋਨੀਆ ਗਾਂਧੀ ਦੇ ਕਰੀਬੀ ਨੇਤਾ ਅੰਬਿਕਾ ਸੋਨੀ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਹੈ। ਉਨ੍ਹਾਂ ਆਜ਼ਾਦ ਨੂੰ ਰਾਹੁਲ ਗਾਂਧੀ ਨਾਲ ਗੱਲ ਕਰਨ ਦਾ ਸੱਦਾ ਵੀ ਦਿੱਤਾ ਹੈ। ਇਹ ਪੂਰੀ ਕਵਾਇਦ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੇ ਜੰਮੂ-ਕਸ਼ਮੀਰ ਪਹੁੰਚਣ ਤੋਂ ਪਹਿਲਾਂ ਕੀਤੀ ਜਾ ਰਹੀ ਹੈ। ਰਾਹੁਲ 20 ਜਨਵਰੀ ਨੂੰ ਜੰਮੂ-ਕਸ਼ਮੀਰ ਪਹੁੰਚਣ ਵਾਲੇ ਹਨ। ਦੱਸ ਦੇਈਏ ਕਿ ਆਜ਼ਾਦ ਨੇ ਇਸ ਸਾਲ ਅਗਸਤ ਵਿੱਚ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।
ਆਜ਼ਾਦ ਨੇ ਅਕਤੂਬਰ ਵਿੱਚ ਆਪਣੀ ਨਵੀਂ ਸਿਆਸੀ ਜਥੇਬੰਦੀ ਡੈਮੋਕਰੇਟਿਕ ਆਜ਼ਾਦ ਪਾਰਟੀ ਦਾ ਐਲਾਨ ਕੀਤਾ ਸੀ। ਆਜ਼ਾਦ ਨੇ ਇਸ ਸਾਲ 26 ਅਗਸਤ ਨੂੰ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਪਿਛਲੇ 52 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ। ਉਨ੍ਹਾਂ ਦਾ ਰਾਜ ਸਭਾ ਦਾ ਕਾਰਜਕਾਲ ਇਸ ਸਾਲ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਮੁੜ ਰਾਜ ਸਭਾ ਨਹੀਂ ਭੇਜਿਆ। ਮੰਨਿਆ ਜਾ ਰਿਹਾ ਹੈ ਕਿ ਇਹ ਵੀ ਉਸਦੀ ਨਾਰਾਜ਼ਗੀ ਦਾ ਇੱਕ ਕਾਰਨ ਸੀ।
ਸੋਨੀਆ ਗਾਂਧੀ ਨੂੰ ਦਿੱਤੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਆਜ਼ਾਦ ਨੇ ਪਾਰਟੀ ਲੀਡਰਸ਼ਿਪ ਖਾਸ ਕਰਕੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਲਿਖਿਆ- ਪਿਛਲੇ ਨੌਂ ਸਾਲਾਂ ਤੋਂ ਜਿਸ ਤਰ੍ਹਾਂ ਪਾਰਟੀ ਨੂੰ ਚਲਾਇਆ ਜਾ ਰਿਹਾ ਹੈ, ਉਸ ਕਾਰਨ ਪਾਰਟੀ ਅੱਗੇ ਨਹੀਂ ਵਧ ਸਕੀ। ਆਜ਼ਾਦ ਨੇ ਦਾਅਵਾ ਕੀਤਾ ਸੀ ਕਿ ਪਾਰਟੀ ਨੂੰ ਇੱਕ ਸਰਕਲ ਚਲਾਉਂਦਾ ਹੈ, ਜਦਕਿ ਸੋਨੀਆ ਗਾਂਧੀ ਸਿਰਫ਼ ਨਾਮਾਤਰ ਮੁਖੀ ਹੈ। ਸਾਰੇ ਵੱਡੇ ਫੈਸਲੇ ਰਾਹੁਲ ਗਾਂਧੀ ਜਾਂ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਅਤੇ ਪੀ.ਏ. ਵਲੋਂ ਲਏ ਜਾਂਦੇ ਹਨ ।