ਪੱਛਮੀ ਬੰਗਾਲ 'ਚ ਹਿੰਸਾ ਅਤੇ ਜੰਗਲ ਰਾਜ : ਰਾਜਪਾਲ ਜਗਦੀਪ ਧਨਖੜ

ਟੀਐਮਸੀ ਨੇ ਰਾਜਪਾਲ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਬੀਰਭੂਮ ਜ਼ਿਲ੍ਹੇ ਦੇ ਨੇਤਾ ਨੇ ਕਿਹਾ ਸੀ ਕਿ ਇਹ ਘਟਨਾ ਅੱਗਜ਼ਨੀ ਕਾਰਨ ਨਹੀਂ, ਸ਼ਾਰਟ ਸਰਕਟ ਕਾਰਨ ਹੋਈ ਹੈ।
ਪੱਛਮੀ ਬੰਗਾਲ 'ਚ ਹਿੰਸਾ ਅਤੇ ਜੰਗਲ ਰਾਜ : ਰਾਜਪਾਲ ਜਗਦੀਪ ਧਨਖੜ

ਰਾਜਪਾਲ ਜਗਦੀਪ ਧਨਖੜ ਅਤੇ ਮਮਤਾ ਬੈਨਰਜੀ ਵਿਚਾਲੇ ਸਬੰਧ ਚੰਗੇ ਨਹੀਂ ਹਨ। ਰਾਜਪਾਲ ਜਗਦੀਪ ਧਨਖੜ ਨੇ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ 'ਚ ਟੀਐੱਮਸੀ ਨੇਤਾ ਦੀ ਹੱਤਿਆ ਤੋਂ ਬਾਅਦ ਹੋਈ ਹਿੰਸਾ 'ਚ ਅੱਠ ਲੋਕਾਂ ਦੇ ਜ਼ਿੰਦਾ ਸੜ ਜਾਣ 'ਤੇ ਦੁੱਖ ਪ੍ਰਗਟ ਕੀਤਾ ਹੈ।

ਇਸ ਦੇ ਨਾਲ ਹੀ ਰਾਜਪਾਲ ਨੇ ਬੰਗਾਲ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਹੈ। ਆਪਣੇ ਇੱਕ ਵੀਡੀਓ ਨੂੰ ਟਵੀਟ ਕਰਦੇ ਹੋਏ ਜਗਦੀਪ ਧਨਖੜ ਨੇ ਲਿਖਿਆ, 'ਭਿਆਨਕ ਹਿੰਸਾ ਅਤੇ ਅੱਗਜ਼ਨੀ ਦੀ ਘਟਨਾ ਦਰਸਾਉਂਦੀ ਹੈ ਕਿ ਰਾਜ ਹਿੰਸਾ ਅਤੇ ਜੰਗਲ ਰਾਜ ਦੇ ਸੱਭਿਆਚਾਰ ਦੇ ਹੱਥਾਂ ਵਿੱਚ ਹੈ। ਹੁਣ ਤੱਕ 8 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੈਂ ਇਸ ਸਬੰਧੀ ਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਹੈ।

ਰਾਜਪਾਲ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਸੰਵੇਦਨਾ ਹੈ। ਇਸ ਦੌਰਾਨ ਮਮਤਾ ਬੈਨਰਜੀ ਸਰਕਾਰ ਨੇ ਘਟਨਾ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਰਾਜਪਾਲ ਨੇ ਕਿਹਾ, 'ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਮੈਂ ਇਸ ਸਬੰਧੀ ਰਿਪੋਰਟ ਤਲਬ ਕੀਤੀ ਹੈ। ਰਾਜਪਾਲ ਦੇ ਇਸ ਬਿਆਨ 'ਤੇ ਸੂਬਾ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਦੱਸ ਦੇਈਏ ਕਿ 4 ਬਦਮਾਸ਼ਾਂ ਨੇ ਟੀਐਮਸੀ ਪੰਚਾਇਤ ਨੇਤਾ ਭਾਦੂ ਸ਼ੇਖ 'ਤੇ ਬੰਬ ਸੁੱਟ ਕੇ ਹਮਲਾ ਕੀਤਾ ਅਤੇ ਫ਼ਰਾਰ ਹੋ ਗਏ ਸਨ । ਇਸ ਤੋਂ ਬਾਅਦ ਟੀਐਮਸੀ ਨੇਤਾਵਾਂ ਦੇ ਇੱਕ ਸਮੂਹ ਨੇ ਹਿੰਸਾ ਸ਼ੁਰੂ ਕਰ ਦਿੱਤੀ ਅਤੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਵਿੱਚ ਕਰੀਬ 10 ਲੋਕਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ ਸੀ। ਹਾਲਾਂਕਿ ਪ੍ਰਸ਼ਾਸਨ ਨੇ ਸਿਰਫ 8 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੀ ਧੜੇਬੰਦੀ ਕਾਰਨ ਵਾਪਰੀ ਹੈ। ਹਾਲਾਂਕਿ, ਟੀਐਮਸੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਬੀਰਭੂਮ ਜ਼ਿਲ੍ਹੇ ਦੇ ਨੇਤਾ ਨੇ ਕਿਹਾ ਸੀ ਕਿ ਇਹ ਘਟਨਾ ਅੱਗਜ਼ਨੀ ਕਾਰਨ ਨਹੀਂ, ਸ਼ਾਰਟ ਸਰਕਟ ਕਾਰਨ ਹੋਈ ਹੈ।

ਨਿਊਜ਼ ਏਜੰਸੀ ਨੇ ਫਾਇਰ ਬ੍ਰਿਗੇਡ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਇੱਕੋ ਘਰ ਤੋਂ 7 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ, ਕਿ ਇਨ੍ਹਾਂ ਦੀ ਪਛਾਣ ਕਰਨੀ ਮੁਸ਼ਕਲ ਸੀ। ਇੰਨਾ ਹੀ ਨਹੀਂ ਇਹ ਜਾਣਨਾ ਵੀ ਮੁਸ਼ਕਿਲ ਸੀ ਕਿ ਮਰਨ ਵਾਲੇ ਔਰਤਾਂ ਸਨ, ਮਰਦ ਜਾਂ ਨਾਬਾਲਗ ਸਨ ।

Related Stories

No stories found.
logo
Punjab Today
www.punjabtoday.com