ਕਿਵੇਂ ਹੁੰਦੀ ਹੈ ਰਾਜ ਸਭਾ ਦੇ ਸਾਂਸਦਾਂ ਦੀ ਚੋਣ?

ਰਾਜ ਸਭਾ ਜਿਸ ਨੂੰ ਕਾਉਂਸਿਲ ਆਫ ਸਟੇਟਸ ਵੀ ਕਿਹਾ ਜਾਂਦਾ ਹੈ ਦੇ 245 ਮੈਂਬਰ ਹਨ। ਰਾਜ ਸਭਾ ਨੂੰ ਪਰਮਾਨੈਂਟ ਹਾਊਸ ਕਿਹਾ ਜਾਂਦਾ ਹੈ ਅਤੇ ਇਹ ਕਦੇ ਡਿਜ਼ਾਲਵ ਨਹੀਂ ਹੁੰਦਾ।
ਕਿਵੇਂ ਹੁੰਦੀ ਹੈ ਰਾਜ ਸਭਾ ਦੇ ਸਾਂਸਦਾਂ ਦੀ ਚੋਣ?

ਆਉਣ ਵਾਲੀ 10 ਜੂਨ ਨੂੰ ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ 16 ਸਾਂਸਦਾਂ ਨੂੰ ਚੁਣ ਕੇ ਰਾਜ ਸਭਾ ਭੇਜਣਗੀਆਂ। ਉੱਧਰ ਪੰਜਾਬ ਦੇ ਵੀ ਦੋ ਸਾਂਸਦ ਰਾਜ ਸਭਾ ਵਿੱਚ ਜਾਣੇ ਸਨ। ਪਰ ਰਾਜ ਵਿੱਚ ਆਮ ਆਦਮੀ ਪਾਰਟੀ ਦੀ ਸਪਸ਼ਟ ਬਹੁਮਤ ਹੋਣ ਕਾਰਨ ਦੂਜੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਖੜ੍ਹੇ ਨਹੀਂ ਕੀਤੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਕਰਮਜੀਤ ਸਾਹਨੀ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਨਿਰਵਿਰੋਧ ਜਿੱਤ ਗਏ ਸਨ।

ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਾਸਤੇ ਰਾਜ ਸਭਾ ਦੀ ਸੀਟ ਬਹੁਤ ਮਾਇਨੇ ਰੱਖਦੀ ਹੈ। ਇਸ ਦਾ ਕਾਰਨ ਹੈ ਕਿ ਮਨੀ ਬਿੱਲ ਤੋਂ ਇਲਾਵਾ ਹੋਰ ਕੋਈ ਵੀ ਬਿੱਲ ਲੋਕ ਸਭਾ ਤੋਂ ਪਾਸ ਹੋ ਕੇ ਰਾਜ ਸਭਾ ਦੇ ਵਿੱਚ ਹੀ ਆਉਂਦਾ ਹੈ ਅਤੇ ਉੱਥੇ ਵੀ ਉਸ ਬਿੱਲ ਨੂੰ ਪਾਸ ਹੋਣਾ ਜ਼ਰੂਰੀ ਹੁੰਦਾ ਹੈ। ਜੇਕਰ ਕੋਈ ਬਿੱਲ ਲੋਕ ਸਭਾ ਚੋਂ ਪਾਸ ਹੋ ਜਾਵੇ ਪਰ ਰਾਜ ਸਭਾ ਵਿੱਚ ਫਸ ਜਾਵੇ ਤਾਂ ਉਹ ਬਿੱਲ ਕਾਨੂੰਨ ਨਹੀਂ ਬਣ ਸਕਦਾ।

ਰਾਜ ਸਭਾ ਜਿਸ ਨੂੰ ਕਾਉਂਸਿਲ ਆਫ ਸਟੇਟਸ ਵੀ ਕਿਹਾ ਜਾਂਦਾ ਹੈ ਦੇ ਵਿੱਚ 245 ਮੈਂਬਰ ਹਨ। ਅਜੇ ਤੱਕ ਇਸ ਦੇ ਅੱਧ ਤੱਕ ਵੀ ਕੋਈ ਪਾਰਟੀ ਆਪਣੇ ਸਾਂਸਦ ਰਾਜ ਸਭਾ ਵਿੱਚ ਨਹੀਂ ਭੇਜ ਸਕੀ। ਇਸ ਦਾ ਭਾਵ ਹੈ ਕਿ ਕੋਈ ਸੱਤਾਧਾਰੀ ਧਿਰ ਭਾਵੇਂ ਉਹ ਭਾਜਪਾ ਹੋਵੇ ਜਾਂ ਭਾਵੇਂ ਕਾਂਗਰਸ ਪਿਛਲੇ ਤੀਹ ਸਾਲਾਂ ਦੇ ਵਿੱਚ ਰਾਜ ਸਭਾ ਵਿੱਚ 100 ਦਾ ਅੰਕੜਾ ਵੀ ਪਾਰ ਨਹੀਂ ਕਰ ਪਾਈ। ਬੀਤੇ ਵਰ੍ਹੇ ਭਾਜਪਾ ਦੇ ਹਮਾਇਤੀ ਪਾਰਟੀਆਂ 100 ਦੇ ਆਂਕੜੇ ਤੱਕ ਪਹੁੰਚੀਆਂ ਸਨ ਪਰ ਪੰਜ ਮੈਂਬਰਾਂ ਦੀ ਰਿਟਾਇਰਮੈਂਟ ਹੋਣ ਤੋਂ ਬਾਅਦ ਫਿਰ ਅੰਕੜਾ ਘਟ ਗਿਆ।

ਭਾਜਪਾ ਗੱਠਜੋੜ ਰਾਜ ਸਭਾ ਦੇ ਵਿੱਚ ਕਈ ਬਿੱਲ ਤਾਂ ਪਾਸ ਕਰਵਾ ਚੁੱਕਿਆ ਹੈ ਪਰ ਇਸ ਲਈ ਵੀ ਉਨ੍ਹਾਂ ਨੂੰ ਕਈ ਹੋਰ ਪਾਰਟੀਆਂ ਜਿਵੇਂ ਏਆਈਏਡੀਐਮਕੇ, ਬੀਜੂ ਜਨਤਾ ਦਲ ਆਦਿ ਦੀ ਹਮਾਇਤ ਲੈਣੀ ਪਈ ਸੀ।

ਰਾਜ ਸਭਾ ਦਾ ਮਨੀ ਬਿੱਲ ਦੇ ਕੇਸ ਵਿੱਚ ਕੋਈ ਜ਼ਿਆਦਾ ਵੱਡਾ ਰੋਲ ਨਹੀਂ ਹੁੰਦਾ। ਪਰ ਸੰਵਿਧਾਨ ਦੇ ਸੰਸ਼ੋਧਨ ਦੇ ਬਿੱਲ ਜਾਂ ਕੋਈ ਆਰਡੀਨਰੀ ਬਿੱਲ ਵਿੱਚ ਰਾਜ ਸਭਾ ਦਾ ਰੋਲ ਵੀ ਲੋਕ ਸਭਾ ਜਿੰਨਾ ਹੀ ਹੁੰਦਾ ਹੈ।

ਰਾਜ ਸਭਾ ਨੂੰ ਪਰਮਾਨੈਂਟ ਹਾਊਸ ਕਿਹਾ ਜਾਂਦਾ ਹੈ ਅਤੇ ਇਹ ਕਦੇ ਡਿਜ਼ਾਲਵ ਨਹੀਂ ਹੁੰਦਾ। ਇਸ ਦਾ ਭਾਵ ਹੈ ਕਿ ਜਿਵੇਂ ਲੋਕ ਸਭਾ ਦੇ ਵਿੱਚ ਹਰ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ ਅਤੇ ਪੁਰਾਣੀ ਲੋਕਸਭਾ ਡਿਜ਼ਾਲਵ ਹੋ ਜਾਂਦੀ ਹੈ ਅਤੇ ਨਵੇਂ ਮੈਂਬਰ ਸਾਰੇ ਚੁਣ ਕੇ ਆਉਂਦੇ ਹਨ। ਰਾਜ ਸਭਾ ਦੇ ਵਿੱਚ ਅਜਿਹਾ ਨਹੀਂ ਹੁੰਦਾ ਕਿਉਂਕਿ ਰਾਜ ਸਭਾ ਦੀ ਟਰਮ ਛੇ ਸਾਲ ਦੀ ਹੈ ਅਤੇ ਹਰ ਦੋ ਸਾਲ ਬਾਅਦ ਇੱਕ ਤਿਹਾਈ ਮੈਂਬਰ ਰਾਜ ਸਭਾ ਵਿੱਚੋਂ ਰਿਟਾਇਰ ਹੁੰਦੇ ਹਨ। ਇਸ ਤਰ੍ਹਾਂ ਰਾਜ ਸਭਾ ਕਦੇ ਡਿਜ਼ਾਲਵ ਨਹੀਂ ਹੁੰਦੀ ਅਤੇ ਮੈਂਬਰਾਂ ਦੇ ਆਉਣ ਜਾਣ ਦਾ ਚੱਕਰ ਚੱਲਦਾ ਰਹਿੰਦਾ ਹੈ। ਰਾਜ ਸਭਾ ਦੇ 245 ਮੈਂਬਰਾਂ ਵਿੱਚੋਂ 233 ਤਾਂ ਭਾਰਤ ਦੇ ਰਾਜਾਂ ਅਤੇ ਦਿੱਲੀ, ਪੌਂਡੀਚੇਰੀ ਵਰਗੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੁਣੇ ਜਾਂਦੇ ਹਨ, ਜਦਕਿ ਬਚੇ 12 ਮੈਂਬਰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਨੌਮੀਨੇਟ ਕੀਤੇ ਜਾਂਦੇ ਹਨ। ਭਾਰਤੀ ਸੰਵਿਧਾਨ ਦੇ ਆਰਟੀਕਲ 80 ਮੁਤਾਬਕ ਨੋਮਿਨੇਟਿਡ ਮੈਂਬਰ ਲਿਟਰੇਚਰ ਸਾਇੰਸ ਜਾਂ ਆਰਟ ਦੇ ਫੀਲਡ ਵਿੱਚ ਹੋਣੇ ਚਾਹੀਦੇ ਹਨ।

ਰਾਜ ਸਭਾ ਦੇ ਮੈਂਬਰਾਂ ਦੀ ਚੋਣ ਵਿਧਾਨ ਸਭਾ ਦੇ ਐਮਿਲੀਆ ਰਾਹੀਂ ਇਨਡਾਇਰੈਕਟ ਇਲੈਕਸ਼ਨ ਰਾਹੀਂ ਹੁੰਦੀ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਵਿਧਾਨ ਸਭਾ ਦੇ ਮੈਂਬਰਾਂ ਜ਼ਰੀਏ ਸਿਸਟਮ ਆਫ ਪ੍ਰੋਪੋਰਸ਼ਨਲ ਰਿਪਰਸੈਂਟੇਸ਼ਨ ਬਾਏ ਮੀਨਜ਼ ਆਫ ਸਿੰਗਲ ਟਰਾਂਸਫਰੇਬਲ ਵੋਟ ਦੇ ਤਰੀਕੇ ਰਾਹੀਂ ਹੁੰਦੀ ਹੈ। ਭਾਰਤੀ ਸੰਵਿਧਾਨ ਦਾ ਚੌਥਾ ਸ਼ਡਿਊਲ ਰਾਜ ਸਭਾ ਦੇ ਵਿੱਚ ਸੀਟਾਂ ਦੀ ਅਲਾਟਮੈਂਟ ਦੀ ਗੱਲ ਕਰਦਾ ਹੈ ਅਤੇ ਹਰ ਭਾਰਤੀ ਰਾਜ ਨੂੰ ਰਾਜ ਸਭਾ ਦੇ ਵਿੱਚ ਸੀਟ ਉਨ੍ਹਾਂ ਦੀ ਆਬਾਦੀ ਦੇ ਆਧਾਰ ਤੇ ਮਿਲਦੀ ਹੈ। ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਧ ਆਬਾਦੀ ਹੋਣ ਕਾਰਨ ਉੱਤਰ ਪ੍ਰਦੇਸ਼ ਦੇ ਵਿੱਚ ਰਾਜ ਸਭਾ ਦੀਆਂ 31 ਸੀਟਾਂ ਹਨ ਅਤੇ ਗੋਆ ਦੇ ਵਿੱਚ ਰਾਜ ਸਭਾ ਲਈ ਸਿਰਫ਼ ਇੱਕ ਸੀਟ ਹੈ।

ਜ਼ਿਕਰਯੋਗ ਹੈ ਕਿ ਇਸ ਵਾਰ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਸੀਟਾਂ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ ਕਿਉਂਕਿ ਪੰਜਾਬ ਦਾ ਕਲੀਨ ਸਵੀਪ ਹੋਣ ਕਾਰਨ ਪੰਜਾਬ ਦੀਆਂ ਸਾਰੀਆਂ ਸੱਤ ਸੀਟਾਂ ਹੀ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਹਨ। ਇਸ ਨਾਲ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਗਿਣਤੀ 3 ਤੋਂ ਵਧ ਕੇ 10 ਹੋ ਗਈ ਹੈ। ਰਾਜ ਸਭਾ ਦੇ ਮੈਂਬਰਾਂ ਨੂੰ ਰਾਜ ਦਾ ਨੁਮਾਇੰਦਾ ਕਿਹਾ ਜਾਂਦਾ ਹੈ। ਰਾਜ ਸਭਾ ਇਸ ਕਾਰਨ ਬਣਾਈ ਗਈ ਹੈ ਤਾਂ ਜੋ ਲੋਕ ਸਭਾ ਦੇ ਵਿੱਚ ਕੋਈ ਵੀ ਗਲਤ ਫ਼ੈਸਲਾ ਜੇਕਰ ਲਿਆ ਜਾਂਦਾ ਹੈ ਤਾਂ ਉਸ ਨੂੰ ਰਾਜ ਸਭਾ ਦੇ ਵਿੱਚ ਰੋਕ ਲਿਆ ਜਾਵੇ।

ਹੁਣ ਹੋ ਰਹੀਆਂ ਰਾਜ ਸਭਾ ਦੀਆਂ ਸੀਟਾਂ ਉੱਤੇ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਇਹ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ। ਪਰ ਇਹ ਗੱਲ ਜ਼ਰੂਰ ਹੈ ਕਿ ਇਨ੍ਹਾਂ ਰਾਜਾਂ ਵਿਚ ਪਾਰਟੀਆਂ ਨੇ ਆਪਣੇ ਆਪਣੇ ਵਿਧਾਇਕਾਂ ਨੂੰ ਹੋਟਲਾਂ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਨ੍ਹਾਂ ਦੀ ਖ਼ਰੀਦੋ ਫ਼ਰੋਖਤ ਨਾ ਹੋ ਸਕੇ।

Related Stories

No stories found.
logo
Punjab Today
www.punjabtoday.com