ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੂੰ ਲੈ ਕੇ ਜਾ ਰਿਹਾ ਭਾਰਤੀ ਹਵਾਈ ਫ਼ੌਜ (IAF) ਦਾ ਹੈਲੀਕਾਪਟਰ ਬੁੱਧਵਾਰ ਨੂੰ ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਕੂਨੂਰ ਵਿਖੇ ਹਾਦਸਾਗ੍ਰਸਤ ਹੋ ਗਿਆ। ਤਾਮਿਲਨਾਡੂ ਦੇ ਕੋਇੰਬਟੂਰ ਅਤੇ ਸੁਲੂਰ ਵਿਚਕਾਰ ਕ੍ਰੈਸ਼ ਹੋਏ ਐਮਆਈ-ਸੀਰੀਜ਼ ਦੇ ਹੈਲੀਕਾਪਟਰ ਵਿੱਚ ਜਨਰਲ ਰਾਵਤ ਤੋਂ ਇਲਾਵਾ, ਉਨ੍ਹਾਂ ਦੇ ਸਟਾਫ ਅਤੇ ਕੁਝ ਪਰਿਵਾਰਕ ਮੈਂਬਰਾਂ ਸਮੇਤ ਕੁੱਲ 14 ਲੋਕ ਮੌਜੂਦ ਸਨ।
ਹੈਲੀਕਾਪਟਰ ਸਲੂਰ ਆਈਏਐਫ ਬੇਸ ਤੋਂ ਵੈਲਿੰਗਟਨ ਦੇ ਡਿਫੈਂਸ ਸਰਵਿਸਿਜ਼ ਕਾਲਜ (ਡੀਐਸਸੀ) ਜਾ ਰਿਹਾ ਸੀ। ਇਹ ਹਾਦਸਾ ਨੰਜਪੰਚਥਿਰਮ ਖੇਤਰ ਵਿੱਚ ਭਾਰੀ ਧੁੰਦ ਦੇ ਵਿਚਕਾਰ ਵਾਪਰਿਆ। ਹੈਲੀਕਾਪਟਰ ਨੂੰ ਅੱਗ ਲੱਗ ਗਈ ਸੀ।
ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਜਨਰਲ ਰਾਵਤ ਦੀ ਪਤਨੀ ਮਧੁਲਿਕਾ ਵੀ ਸ਼ਾਮਲ ਹੈ। ਹੁਣ ਤੱਕ ਤਿੰਨ ਜਣਿਆਂ ਨੂੰ ਬਚਾ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਬਚਾਏ ਗਏ ਤਿੰਨ ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਜ਼ਿਲ੍ਹੇ ਦੀ ਵੈਲਿੰਗਟਨ ਛਾਉਣੀ ਲਿਜਾਇਆ ਗਿਆ ਹੈ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ 'ਤੇ ਤੁਰੰਤ ਮੀਟਿੰਗ ਬੁਲਾਈ ਹੈ। ਆਈਏਐਫ ਨੇ ਅੱਗੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਹੈਲੀਕਾਪਟਰ ਦੇ ਕਰੈਸ਼ ਵਾਲੀ ਥਾਂ ਦੀਆਂ ਵੀਡੀਉਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਹੈਲੀਕਾਪਟਰ ਚੋਂ ਅੱਗ ਦੀਆਂ ਵੱਡੀਆਂ ਲਪਟਾਂ ਨਿਕਲ ਰਹੀਆਂ ਹਨ ਅਤੇ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਵਿੱਚ ਮਦਦ ਕੀਤੀ ਹੈ।
ਦਿੱਲੀ ਤੋਂ ਸਲੂਰ ਜਾ ਰਹੇ ਹੈਲੀਕਾਪਟਰ ਵਿੱਚ ਸੀਡੀਐਸ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ-ਨਾਲ ਬ੍ਰਿਗੇਡੀਅਰ ਐਲਐਸ ਲਿਡਰ, ਚੀਫ ਆਫ ਡਿਫੈਂਸ ਸਟਾਫ ਦੇ ਸਲਾਹਕਾਰ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਐਨ.ਕੇ ਗੁਰਸੇਵਕ ਸਿੰਘ, ਐਨ.ਕੇ ਜਤਿੰਦਰ ਕੁਮਾਰ, ਵਿਵੇਕ ਕੁਮਾਰ, ਬੀ ਸਾਈ ਤੇਜਾ, ਅਤੇ ਸਤਪਾਲ ਸ਼ਾਮਲ ਸਨ।