ਭਾਰਤ ਦੇ ਇਕ ਪ੍ਰਦੇਸ਼ ਵਿਚ ਇਕ ਅਜੀਬ ਅੰਦੋਲਨ ਵੇਖਣ ਨੂੰ ਮਿਲ ਰਿਹਾ ਹੈ। ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲੇ 'ਚ ਬੁੱਧਵਾਰ ਨੂੰ ਵਿਆਹ ਨਾ ਹੋਣ ਨੂੰ ਲੈ ਕੇ ਪਰੇਸ਼ਾਨ ਨੌਜਵਾਨਾਂ ਨੇ ਅਨੋਖਾ ਅੰਦੋਲਨ ਸ਼ੁਰੂ ਕਰ ਦਿਤਾ । ਲਾੜੇ ਦੇ ਕੱਪੜੇ ਪਹਿਨੇ ਨੌਜਵਾਨਾਂ ਨੇ ਘੋੜੀ 'ਤੇ ਸਵਾਰ ਹੋ ਕੇ ਗੀਤ-ਸੰਗੀਤ ਦੇ ਨਾਲ ਮਾਰਚ ਕੱਢਿਆ। ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਵਿਆਹ ਲਈ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ, ਪਰ ਸੂਬੇ ਵਿਚ ਲੜਕੀਆਂ ਦੀ ਗਿਣਤੀ ਦਿਨੋਂ-ਦਿਨ ਘਟਦੀ ਜਾ ਰਹੀ ਹੈ।
ਇਸ ਕਾਰਨ ਉਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲੜਕੀ ਦੀ ਭਾਲ ਕੀਤੀ ਜਾਵੇ। ਅੰਦੋਲਨ ਕਰਦੇ ਹੋਏ ਨੌਜਵਾਨ ਕੁਲੈਕਟਰ ਦਫਤਰ ਪਹੁੰਚੇ ਅਤੇ ਕਲੈਕਟਰ ਨੂੰ ਮੰਗ ਪੱਤਰ ਦਿੱਤਾ। ਇਸ ਵਿੱਚ ਉਨ੍ਹਾਂ ਨੇ ਅਣਵਿਆਹੇ ਲੋਕਾਂ ਲਈ ਦੁਲਹਨ ਲੱਭਣ ਦੀ ਮੰਗ ਵੀ ਕੀਤੀ ਹੈ।
ਅੰਦੋਲਨਕਾਰੀਆਂ ਨੇ ਕਿਹਾ ਕਿ ਸਾਨੂੰ ਵਿਆਹ ਲਈ ਲੜਕੀ ਨਹੀਂ ਮਿਲ ਰਹੀ, ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਲੜਕੀ ਲੱਭਣ ਵਿਚ ਸਾਡੀ ਮਦਦ ਕਰੇ। ਨੌਜਵਾਨਾਂ ਨੇ ਪੱਤਰ ਵਿੱਚ ਔਰਤਾਂ ਅਤੇ ਮਰਦਾਂ ਦੇ ਅਸਮਾਨ ਅਨੁਪਾਤ ਦਾ ਮੁੱਦਾ ਵੀ ਉਠਾਇਆ। ਮਹਾਰਾਸ਼ਟਰ ਵਿੱਚ ਔਰਤ-ਮਰਦ ਅਨੁਪਾਤ ਨੂੰ ਸੁਧਾਰਨ ਲਈ ਪ੍ਰੀ-ਕੰਸੇਪਸ਼ਨ ਐਂਡ ਪ੍ਰੀ-ਨੈਟਲ ਡਾਇਗਨੌਸਟਿਕ ਟੈਕਨੀਕ ਐਕਟ (ਪੀਸੀਪੀਐਨਡੀਟੀ ਐਕਟ) ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ।
ਇਹ ਮਾਰਚ ਜਯੋਤੀ ਕ੍ਰਾਂਤੀ ਪ੍ਰੀਸ਼ਦ ਵੱਲੋਂ ਆਯੋਜਿਤ ਕੀਤਾ ਗਿਆ ਸੀ । ਸੰਸਥਾ ਦੇ ਸੰਸਥਾਪਕ ਰਮੇਸ਼ ਬਾਰਸਕਰ ਨੇ ਕਿਹਾ ਕਿ ਬਹੁਤ ਸਾਰੇ ਲੋਕ ਇਸ ਮਾਰਚ ਦਾ ਮਜ਼ਾਕ ਉਡਾ ਰਹੇ ਹਨ, ਪਰ ਸੱਚਾਈ ਇਹ ਹੈ ਕਿ ਮਹਾਰਾਸ਼ਟਰ ਵਿੱਚ ਔਰਤਾਂ ਅਤੇ ਮਰਦਾਂ ਦਾ ਅਨੁਪਾਤ 'ਚ ਕਾਫੀ ਫਰਕ ਹੋਣ ਕਾਰਨ ਬਹੁਤ ਸਾਰੇ ਯੋਗ ਲੜਕਿਆਂ ਨੂੰ ਲਾੜੀਆਂ ਨਹੀਂ ਮਿਲ ਰਹੀਆਂ। ਬਾਰਸਕਰ ਨੇ ਦਾਅਵਾ ਕੀਤਾ ਕਿ ਲੜਕਿਆਂ ਅਤੇ ਲੜਕੇ ਵਿੱਚ ਇੰਨੇ ਵੱਡੇ ਪਾੜੇ ਲਈ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਉਹ ਭਰੂਣ ਹੱਤਿਆ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਮਹਾਰਾਸ਼ਟਰ ਵਿੱਚ ਪ੍ਰਤੀ 1,000 ਮੁੰਡਿਆਂ ਪਿੱਛੇ 889 ਕੁੜੀਆਂ ਦਾ ਲਿੰਗ ਅਨੁਪਾਤ ਹੈ।
ਇਹ ਅਸਮਾਨਤਾ ਕੰਨਿਆ ਭਰੂਣ ਹੱਤਿਆ ਕਾਰਨ ਹੈ ਅਤੇ ਇਸ ਅਸਮਾਨਤਾ ਲਈ ਸਰਕਾਰ ਜ਼ਿੰਮੇਵਾਰ ਹੈ। ਮਾਰਚ ਵਿਚ ਸ਼ਾਮਲ 40 ਸਾਲਾ ਲਵ ਮਾਲੀ ਨੇ ਦੱਸਿਆ ਕਿ ਉਸਦਾ ਪਰਿਵਾਰ ਕਰੀਬ 20 ਸਾਲਾਂ ਤੋਂ ਉਸ ਲਈ ਲਾੜੀ ਦੀ ਭਾਲ ਕਰ ਰਿਹਾ ਹੈ, ਪਰ ਲੜਕੀ ਨਹੀਂ ਮਿਲੀ। ਦੂਜੇ ਪਾਸੇ 39 ਸਾਲਾ ਕਿਰਨ ਟੋਡਕਰ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਹਰ ਮੈਟਰੀਮੋਨੀਅਲ ਸਾਈਟਸ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ, ਬਾਇਓ ਡਾਟਾ ਅਤੇ ਪਰਿਵਾਰਕ ਵੇਰਵੇ ਅਪਲੋਡ ਕਰ ਰਿਹਾ ਹੈ, ਪਰ ਅੱਜ ਤੱਕ ਕੋਈ ਸਫਲਤਾ ਨਹੀਂ ਮਿਲੀ। ਉਸਨੇ ਸੋਲਾਪੁਰ ਵਿੱਚ ਧਾਰਮਿਕ ਸਮਾਗਮਾਂ ਅਤੇ ਮੈਚ ਮੇਕਿੰਗ ਪ੍ਰੋਗਰਾਮਾਂ ਵਿੱਚ ਵੀ ਸ਼ਿਰਕਤ ਕੀਤੀ, ਪਰ ਕੋਈ ਲੜਕੀ ਨਹੀਂ ਮਿਲੀ।