ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਆਬਾਦੀ 142 ਕਰੋੜ ਪਾਰ
ਭਾਰਤ ਨੇ ਹੁਣ ਅਬਾਦੀ ਦੇ ਮਾਮਲੇ ਵਿਚ ਚੀਨ ਨੂੰ ਵੀ ਪਛਾੜ ਦਿਤਾ ਹੈ। ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਹੁਣ ਚੀਨ ਨਾਲੋਂ ਲਗਭਗ 3 ਮਿਲੀਅਨ ਵੱਧ ਲੋਕ ਹਨ। ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 142 ਕਰੋੜ 86 ਲੱਖ ਹੈ। ਜਦੋਂ ਕਿ ਚੀਨ ਦੀ ਆਬਾਦੀ ਸਿਰਫ਼ 142 ਕਰੋੜ 57 ਲੱਖ ਹੈ।
ਸਾਲ ਦੀ ਸ਼ੁਰੂਆਤ ਵਿੱਚ ਹੀ ਗਲੋਬਲ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ 2023 ਵਿੱਚ ਭਾਰਤ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। UNFPA ਦੇ ਨਵੇਂ ਅੰਕੜਿਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਭਾਰਤ ਦੀ ਆਬਾਦੀ ਵਿੱਚ ਇੱਕ ਸਾਲ ਵਿੱਚ 1.56 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ 'ਚ ਨਵੇਂ ਅੰਕੜੇ 'ਜਨਸੰਖਿਆ ਸੂਚਕਾਂ' ਦੀ ਸ਼੍ਰੇਣੀ 'ਚ ਦਿੱਤੇ ਗਏ ਹਨ। ਸੰਯੁਕਤ ਰਾਸ਼ਟਰ 1950 ਤੋਂ ਦੁਨੀਆ ਵਿੱਚ ਆਬਾਦੀ ਦੇ ਅੰਕੜੇ ਜਾਰੀ ਕਰ ਰਿਹਾ ਹੈ।
ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡਿਆ ਹੈ। ਪਿਛਲੇ ਸਾਲ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪਿਛਲੇ 6 ਦਹਾਕਿਆਂ ਵਿੱਚ ਪਹਿਲੀ ਵਾਰ ਚੀਨ ਦੀ ਆਬਾਦੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਚੀਨ ਵਿੱਚ ਜਨਮ ਦਰ ਵਿੱਚ ਵੀ ਕਮੀ ਆਈ ਹੈ, ਅਤੇ ਇਹ ਇਸ ਸਾਲ ਮਾਇਨਸ ਵਿੱਚ ਦਰਜ ਕੀਤੀ ਗਈ ਸੀ। ਚੀਨ ਵਿੱਚ ਔਸਤ ਜੀਵਨ ਸੰਭਾਵਨਾ ਭਾਰਤ ਨਾਲੋਂ ਬਿਹਤਰ ਹੈ।
ਇੱਥੇ ਪੁਰਸ਼ਾਂ ਦੀ ਔਸਤ ਉਮਰ 76 ਸਾਲ ਅਤੇ ਔਰਤਾਂ ਦੀ ਔਸਤ ਉਮਰ 82 ਸਾਲ ਹੈ। ਜਦੋਂ ਕਿ ਭਾਰਤ ਵਿੱਚ ਮਰਦਾਂ ਦੀ ਔਸਤ ਉਮਰ 74 ਸਾਲ ਅਤੇ ਔਰਤਾਂ ਦੀ ਔਸਤ ਉਮਰ ਸਿਰਫ਼ 71 ਸਾਲ ਹੈ। UNFPA ਭਾਰਤ ਦੇ ਪ੍ਰਤੀਨਿਧੀ ਨੇ ਕਿਹਾ ਕਿ ਹੁਣ ਵਿਸ਼ਵ ਦੀ ਆਬਾਦੀ 8 ਅਰਬ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਸ਼ਕਤੀਸ਼ਾਲੀ ਦੇਸ਼ ਹੈ। ਇਹ ਸਿੱਖਿਆ, ਸਿਹਤ, ਸਫਾਈ ਅਤੇ ਆਰਥਿਕ ਵਿਕਾਸ ਦੇ ਮਾਮਲੇ ਵਿੱਚ ਲਗਾਤਾਰ ਅੱਗੇ ਵੱਧ ਰਿਹਾ ਹੈ। ਅਸੀਂ ਤਕਨੀਕੀ ਮਾਮਲਿਆਂ ਵਿੱਚ ਨਿੱਤ ਨਵੇਂ ਰਿਕਾਰਡ ਬਣਾ ਰਹੇ ਹਾਂ। ਚੀਨ ਆਪਣੀ ਵਧਦੀ ਆਬਾਦੀ ਤੋਂ ਪ੍ਰੇਸ਼ਾਨ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 20 ਕਰੋੜ ਲੋਕ 65 ਸਾਲ ਤੋਂ ਉੱਪਰ ਹਨ। ਚੀਨ ਦੀ 40 ਫੀਸਦੀ ਆਬਾਦੀ 60 ਸਾਲ ਤੋਂ ਉੱਪਰ ਹੈ।