
ਦੇਸ਼ ਦੇ ਸੈਨਾ ਮੁਖੀ ਮਨੋਜ ਮੁਕੁੰਦ ਨਰਵਾਣੇ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਵਿੱਚ ਭਾਰਤ ਦੀ ਫੌਜੀ ਤਾਕਤ ਵਿੱਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਚੀਨ ਨਾਲ ਜੰਗ ਦੀ ਸੂਰਤ ਵਿੱਚ ਭਾਰਤ ਜਿੱਤ ਕੇ ਵਾਪਸ ਪਰਤੇਗਾ। ਹੁਣ ਥਲ ਸੈਨਾ ਮੁਖੀ ਦੇ ਇਸ ਬਿਆਨ ਤੇ ਚੀਨ ਵੱਲੋਂ ਵੀ ਪ੍ਰਤੀਕਿਰਿਆ ਆਈ ਹੈ।
ਚੀਨ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਦੇ ਜ਼ਿੰਮੇਵਾਰ ਲੋਕ ਅਜਿਹੀਆਂ ਗੈਰ-ਵਿਹਾਰਕ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਗੇ।ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਬੇਨਬਿਨ ਨੇ ਫੌਜ ਮੁਖੀ ਐੱਮਐੱਮ ਨਰਵਾਣੇ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਹੁਣ ਚੀਨ ਅਤੇ ਭਾਰਤ ਵਿਚਾਲੇ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਗੱਲਬਾਤ ਚੱਲ ਰਹੀ ਹੈ।"
ਸਰਹੱਦ 'ਤੇ ਤਣਾਅ ਨੂੰ ਘੱਟ ਕਰਨ ਲਈ,ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਦੀ ਤਰਫੋਂ ਜ਼ਿੰਮੇਵਾਰ ਲੋਕ ਅਜਿਹੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਗੇ।ਭਾਰਤ ਅਤੇ ਚੀਨ ਵਿਚਾਲੇ 14ਵੀਂ ਕਮਾਂਡਰ ਪੱਧਰੀ ਵਾਰਤਾ ਦੇ ਬਾਰੇ 'ਚ ਵਾਂਗ ਨੇ ਕਿਹਾ, 'ਜੇਕਰ ਇਸ ਗੱਲਬਾਤ 'ਚ ਕੁਝ ਵੀ ਸਾਹਮਣੇ ਆਉਂਦਾ ਹੈ ਤਾਂ ਅਸੀਂ ਸੂਚਿਤ ਕਰਾਂਗੇ।
ਹਾਲਾਂਕਿ ਭਾਰਤ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਇਸ ਬੈਠਕ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਸ 14ਵੇਂ ਦੌਰ ਦੀ ਗੱਲਬਾਤ 'ਚ ਲੱਦਾਖ ਸਰਹੱਦ 'ਤੇ ਫੌਜਾਂ ਦੀ ਤਾਇਨਾਤੀ ਅਤੇ ਤਣਾਅ ਨੂੰ ਘੱਟ ਕਰਨ 'ਤੇ ਗੱਲਬਾਤ ਹੋਵੇਗੀ। ਭਾਰਤ ਡੈਪਸਾਂਗ ਬਲਜ ਅਤੇ ਡੇਮਚੌਕ ਨੂੰ ਲੈ ਕੇ ਚੀਨ ਨਾਲ ਮੌਜੂਦਾ ਵਿਵਾਦ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਦੱਸ ਦਈਏ ਕਿ ਆਰਮੀ ਡੇਅ ਦੇ ਮੌਕੇ 'ਤੇ ਪ੍ਰੈੱਸ ਕਾਨਫਰੰਸ 'ਚ ਬੋਲਦੇ ਹੋਏ ਆਰਮੀ ਚੀਫ ਨੇ ਸਪੱਸ਼ਟ ਕੀਤਾ ਸੀ ਕਿ ਜੰਗ ਆਖਰੀ ਵਿਕਲਪ ਹੈ ਅਤੇ ਸਰਹੱਦੀ ਵਿਵਾਦ ਦੇ ਹੱਲ ਲਈ ਚੀਨ ਨਾਲ ਗੱਲਬਾਤ ਜਾਰੀ ਹੈ। ਥਲ ਸੈਨਾ ਮੁਖੀ ਨੇ ਕਿਹਾ ਸੀ ਕਿ ਜਿੱਥੋਂ ਤੱਕ ਉੱਤਰੀ ਮੋਰਚੇ ਦਾ ਸਵਾਲ ਹੈ, ਉੱਥੇ ਪਿਛਲੇ 18 ਮਹੀਨਿਆਂ ਵਿੱਚ ਸਾਡੀ ਫੌਜੀ ਤਾਕਤ ਵਧੀ ਹੈ। ਆਰਮੀ ਚੀਫ ਨੇ ਕਿਹਾ, 'ਜੰਗ ਆਖਰੀ ਉਪਾਅ ਹੈ, ਪਰ ਜੇ ਜੰਗ ਹੋਈ ਤਾਂ ਅਸੀਂ ਜਿੱਤ ਕੇ ਵਾਪਸ ਆਵਾਂਗੇ।'