ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਦੇ ਵਿਰੋਧ 'ਤੇ ਭਾਰਤ ਸਖਤ, ਪੁਲਿਸ ਕਿੱਥੇ ਸੀ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਅਸੀਂ ਕੈਨੇਡਾ ਨੂੰ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ 'ਤੇ ਮੁਕੱਦਮਾ ਚਲਾਉਣ ਲਈ ਕਿਹਾ ਹੈ, ਜੋ ਪਹਿਲਾਂ ਹੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ।
ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਦੇ ਵਿਰੋਧ 'ਤੇ ਭਾਰਤ ਸਖਤ, ਪੁਲਿਸ ਕਿੱਥੇ ਸੀ

ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਦੇ ਵਿਰੋਧ 'ਤੇ ਭਾਰਤ ਨੇ ਸਖਤੀ ਦਿਖਾਈ ਹੈ। ਕੈਨੇਡਾ 'ਚ ਭਾਰਤੀ ਕੌਂਸਲੇਟ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਦੇ ਪ੍ਰਦਰਸ਼ਨ 'ਤੇ ਭਾਰਤ ਸਰਕਾਰ ਨੇ ਨਵੀਂ ਦਿੱਲੀ 'ਚ ਮੌਜੂਦ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਪੁੱਛਿਆ- ਜੇਕਰ ਉੱਥੇ ਸੁਰੱਖਿਆ ਮੌਜੂਦ ਸੀ ਤਾਂ ਪ੍ਰਦਰਸ਼ਨਕਾਰੀ ਮਿਸ਼ਨ ਭਵਨ ਤੱਕ ਕਿਵੇਂ ਪਹੁੰਚੇ। ਭਾਰਤ ਨੂੰ ਇਸ ਅਣਗਹਿਲੀ 'ਤੇ ਸਖ਼ਤ ਇਤਰਾਜ਼ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ- ਭਾਰਤ ਸਰਕਾਰ ਨੇ ਕੈਨੇਡਾ ਤੋਂ ਜਵਾਬ ਮੰਗਿਆ ਹੈ। ਅਸੀਂ ਪੁੱਛਿਆ ਹੈ ਕਿ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਖਾਲਿਸਤਾਨੀ ਸਮਰਥਕ ਸਾਡੇ ਡਿਪਲੋਮੈਟਿਕ ਮਿਸ਼ਨ ਅਤੇ ਕੌਂਸਲੇਟ ਤੱਕ ਕਿਵੇਂ ਪਹੁੰਚੇ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡਾ ਸਰਕਾਰ ਸਾਡੇ ਡਿਪਲੋਮੈਟਾਂ ਅਤੇ ਮਿਸ਼ਨਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇਗੀ।

ਬਾਗਚੀ ਨੇ ਕਿਹਾ- ਅਸੀਂ ਕੈਨੇਡੀਅਨ ਸਰਕਾਰ ਨੂੰ ਵੀਏਨਾ ਕਨਵੈਨਸ਼ਨ ਤਹਿਤ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਯਾਦ ਕਰਾ ਦਿੱਤੀਆਂ ਹਨ। ਅਸੀਂ ਉਨ੍ਹਾਂ ਨੂੰ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਅਤੇ ਮੁਕੱਦਮਾ ਚਲਾਉਣ ਲਈ ਕਿਹਾ ਹੈ ਜੋ ਪਹਿਲਾਂ ਹੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ। ਉਮੀਦ ਹੈ ਕਿ ਕੈਨੇਡਾ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇਗੀ।

ਦਰਅਸਲ, 19 ਮਾਰਚ ਨੂੰ ਖਾਲਿਸਤਾਨੀ ਸਮਰਥਕਾਂ ਨੇ ਕੈਨੇਡਾ ਵਿੱਚ ਭਾਰਤੀ ਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਇਸ ਕਾਰਨ ਭਾਰਤੀ ਹਾਈ ਕਮਿਸ਼ਨ ਨੂੰ ਆਪਣਾ ਇੱਕ ਸਮਾਗਮ ਰੱਦ ਕਰਨਾ ਪਿਆ। ਕੈਨੇਡਾ ਵਿੱਚ ਭਾਰਤੀ ਰਾਜਦੂਤ ਸੰਜੇ ਕੁਮਾਰ ਵਰਮਾ ਨੂੰ ਸਨਮਾਨਿਤ ਕਰਨ ਲਈ ਸਰੀ ਦੇ ਤਾਜ ਪਾਰਕ ਕਨਵੈਨਸ਼ਨ ਸੈਂਟਰ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਸੀ। ਪ੍ਰਦਰਸ਼ਨ ਦੌਰਾਨ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤੀ ਮੂਲ ਦੇ ਪੱਤਰਕਾਰ 'ਤੇ ਵੀ ਹਮਲਾ ਕੀਤਾ ਗਿਆ।

ਦੂਜੇ ਪਾਸੇ ਸ਼ਨੀਵਾਰ ਨੂੰ ਵੀ ਵਾਸ਼ਿੰਗਟਨ ਵਿੱਚ ਖਾਲਿਸਤਾਨੀ ਸਮਰਥਕਾਂ ਦੇ ਪ੍ਰਦਰਸ਼ਨ ਦੀ ਕਵਰੇਜ ਕਰ ਰਹੇ ਭਾਰਤੀ ਪੱਤਰਕਾਰ ਲਲਿਤ ਝਾਅ ਨਾਲ ਬਦਸਲੂਕੀ ਕੀਤੀ ਗਈ। ਝਾਅ ਨੇ ਪੂਰੀ ਘਟਨਾ ਦੀ ਵੀਡੀਓ ਵੀ ਟਵਿੱਟਰ 'ਤੇ ਸ਼ੇਅਰ ਕੀਤੀ, ਜਿਸ 'ਚ ਖਾਲਿਸਤਾਨੀ ਸਮਰਥਕ ਭਾਰਤ ਸਰਕਾਰ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ। ਝਾਅ ਨੇ ਦੱਸਿਆ ਕਿ ਖਾਲਿਸਤਾਨ ਸਮਰਥਕਾਂ ਨੇ ਉਸ ਦੇ ਖੱਬੇ ਕੰਨ 'ਤੇ ਦੋ ਡੰਡਿਆਂ ਨਾਲ ਵਾਰ ਕੀਤਾ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਸੀ- ਅਸੀਂ ਪੰਜਾਬ ਦੇ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਹਾਊਸ ਆਫ ਕਾਮਨਜ਼ 'ਚ ਇਕ ਸਵਾਲ ਦੇ ਜਵਾਬ 'ਚ ਮੇਲਾਨੀਆ ਨੇ ਕਿਹਾ- ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਸਭ ਕੁਝ ਆਮ ਵਾਂਗ ਹੋ ਜਾਵੇਗਾ। ਕੈਨੇਡਾ ਸਰਕਾਰ ਹਮੇਸ਼ਾ ਆਪਣੇ ਨਾਗਰਿਕਾਂ ਅਤੇ ਹਰ ਭਾਈਚਾਰੇ ਦੇ ਹਿੱਤਾਂ ਲਈ ਕੰਮ ਕਰੇਗੀ।

Related Stories

No stories found.
logo
Punjab Today
www.punjabtoday.com