
ਆਸਾਮ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਗ੍ਰੇਡ-4 ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦੌਰਾਨ ਸੰਭਾਵਿਤ ਗੜਬੜੀਆਂ ਨੂੰ ਰੋਕਣ ਲਈ ਐਤਵਾਰ ਨੂੰ ਆਸਾਮ ਦੇ 25 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਚਾਰ ਘੰਟਿਆਂ ਲਈ ਠੱਪ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਪ੍ਰੀਖਿਆਵਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ।
ਗ੍ਰੇਡ-3 ਅਤੇ ਗ੍ਰੇਡ-4 ਦੀਆਂ ਲਗਭਗ 30,000 ਅਸਾਮੀਆਂ ਲਈ 21 ਅਤੇ 28 ਅਗਸਤ ਅਤੇ 11 ਸਤੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ 14.30 ਲੱਖ ਤੋਂ ਵੱਧ ਉਮੀਦਵਾਰਾਂ ਦੇ ਬੈਠਣ ਦੀ ਉਮੀਦ ਹੈ। ਗ੍ਰੇਡ-4 ਦੀਆਂ ਪ੍ਰੀਖਿਆਵਾਂ ਐਤਵਾਰ ਨੂੰ ਦੋ ਸ਼ਿਫਟਾਂ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ, ਜਦੋਂ ਕਿ ਗ੍ਰੇਡ-3 ਦੀਆਂ ਅਸਾਮੀਆਂ ਲਈ ਪ੍ਰੀਖਿਆਵਾਂ ਹੋਰ ਦੋ ਤਾਰੀਖਾਂ ਨੂੰ ਹੋਣਗੀਆਂ। ਸਾਰੀਆਂ ਪ੍ਰੀਖਿਆਵਾਂ ਸੈਕੰਡਰੀ ਸਿੱਖਿਆ ਬੋਰਡ, ਅਸਾਮ (SEBA) ਦੁਆਰਾ ਕਰਵਾਈਆਂ ਜਾ ਰਹੀਆਂ ਹਨ।
17 ਅਗਸਤ ਨੂੰ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਕਿਹਾ ਸੀ ਕਿ ਭਰਤੀ ਪ੍ਰਕਿਰਿਆ ਦੌਰਾਨ ਸੰਭਾਵਿਤ ਗੜਬੜੀਆਂ ਤੋਂ ਬਚਣ ਲਈ ਪ੍ਰੀਖਿਆ ਦੌਰਾਨ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਇਸ ਦੌਰਾਨ ਅਸਾਮ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਨ੍ਹਾਂ ਤਿੰਨ ਦਿਨਾਂ ਲਈ ਪ੍ਰੀਖਿਆ ਸਥਾਨਾਂ ਦੇ ਅੰਦਰ ਅਤੇ ਆਲੇ ਦੁਆਲੇ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ-144 ਲਾਗੂ ਕਰ ਦਿੱਤੀ ਗਈ ਹੈ, ਤਾਂ ਜੋ ਪ੍ਰੀਖਿਆ "ਮੁਕਤ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾ ਸਕੇ।
ਨਿੱਜੀ ਦੂਰਸੰਚਾਰ ਸੇਵਾ ਪ੍ਰਦਾਤਾ ਏਅਰਟੈੱਲ ਅਤੇ ਰਿਲਾਇੰਸ ਜੀਓ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਅਸਾਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ 25 ਜ਼ਿਲ੍ਹਿਆਂ ਵਿੱਚ ਚਾਰ ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਏਅਰਟੈੱਲ ਨੇ ਰਾਜ ਭਰ ਵਿੱਚ ਆਪਣੇ ਗਾਹਕਾਂ ਨੂੰ SMS ਰਾਹੀਂ ਸੂਚਿਤ ਕੀਤਾ ਹੈ, 'ਪਿਆਰੇ ਗਾਹਕੋ, ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ, ਤੁਹਾਡੇ ਖੇਤਰ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਜਾ ਰਿਹਾ ਹੈ, ਇਸੇ ਤਰ੍ਹਾਂ ਦੇ ਸੰਦੇਸ਼ ਦੂਜੇ ਆਪਰੇਟਰਾਂ ਦੁਆਰਾ ਆਪਣੇ ਗਾਹਕਾਂ ਨੂੰ ਭੇਜੇ ਗਏ ਸਨ।