ਕੀ ਦੇਸ਼ ਭਰ 'ਚ ਪੈਟਰੋਲ-ਡੀਜ਼ਲ ਦੀ ਹੋਵੇਗੀ ਇੱਕ ਕੀਮਤ? ਸੰਸਦ 'ਚ ਬਹਿਸ

ਸਰਕਾਰ ਤੋਂ ਪੁੱਛਿਆ ਗਿਆ ਸੀ ਕਿ ਕੀ ਸਰਕਾਰ ਅਜਿਹੀ ਕਿਸੇ ਯੋਜਨਾ 'ਤੇ ਵਿਚਾਰ ਕਰ ਰਹੀ ਹੈ, ਜਿਸ 'ਚ ਦੇਸ਼ ਭਰ 'ਚ ਡੀਜ਼ਲ ਅਤੇ ਪੈਟਰੋਲ ਦੀ ਇੱਕ ਹੀ ਕੀਮਤ ਹੋਵੇ।
ਕੀ ਦੇਸ਼ ਭਰ 'ਚ ਪੈਟਰੋਲ-ਡੀਜ਼ਲ ਦੀ ਹੋਵੇਗੀ ਇੱਕ ਕੀਮਤ? ਸੰਸਦ 'ਚ ਬਹਿਸ

ਸਰਕਾਰ ਵਲੋਂ ਹਾਲ ਹੀ 'ਚ ਕੀਤੀ ਟੈਕਸ ਕਟੌਤੀ ਤੋਂ ਬਾਅਦ ਵੀ ਦੇਸ਼ 'ਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਕਾਫੀ ਜ਼ਿਆਦਾ ਹਨ। ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਤੋਂ ਬਾਅਦ ਵੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਕਮੀ ਨਹੀਂ ਆਈ ਹੈ। ਇਸ ਦੌਰਾਨ ਦੇਸ਼ ਭਰ ਵਿੱਚ ਡੀਜ਼ਲ-ਪੈਟਰੋਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਅਤੇ ਇੱਕ ਸਮਾਨ ਕੀਮਤ ਬਣਾਉਣ ਦੀ ਬਹਿਸ ਚੱਲ ਰਹੀ ਹੈ। ਹਾਲਾਂਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸਰਕਾਰ ਦੀ ਦੇਸ਼ ਭਰ ਵਿੱਚ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਨੂੰ ਇੱਕਸਾਰ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਮੰਤਰੀ ਨੇ ਰਾਜ ਸਭਾ 'ਚ ਦਿੱਤੇ ਜਵਾਬ 'ਚ ਇਸ ਮਾਮਲੇ 'ਤੇ ਸਰਕਾਰ ਦੀ ਦਲੀਲ ਵੀ ਰੱਖੀ। ਉਨ੍ਹਾਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਖੁਦਰਾ ਕੀਮਤਾਂ ਵੈਟ, ਆਵਾਜਾਈ ਲਾਗਤ ਵਰਗੇ ਕਈ ਕਾਰਕਾਂ 'ਤੇ ਨਿਰਭਰ ਕਰਦੀਆਂ ਹਨ। ਇਸ ਕਾਰਨ ਵੱਖ-ਵੱਖ ਰਾਜਾਂ ਵਿੱਚ ਇਨ੍ਹਾਂ ਦੀਆਂ ਕੀਮਤਾਂ ਵੱਖ-ਵੱਖ ਹਨ।

ਡੀਜ਼ਲ ਅਤੇ ਪੈਟਰੋਲ ਦੇ ਨਾਲ ਗੈਸ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦੇ ਸਵਾਲ ਤੇ ਰਾਜ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਜੀਐਸਟੀ ਕਾਂਉਸਲ ਦੇ ਹੱਥ ਵਿੱਚ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਕਾਂਉਸਲ ਨੇ ਅਜੇ ਤੱਕ ਡੀਜ਼ਲ-ਪੈਟਰੋਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਲਈ ਕੋਈ ਸਿਫ਼ਾਰਸ਼ ਨਹੀਂ ਕੀਤੀ ਹੈ।

ਕੇਂਦਰ ਸਰਕਾਰ ਨੇ ਵੀ ਡੀਜ਼ਲ-ਪੈਟਰੋਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਬਾਰੇ ਇਹੀ ਗੱਲ ਦੁਹਰਾਈ ਹੈ। ਪਿਛਲੇ ਮਹੀਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਕਈ ਰਾਜ ਈਂਧਨ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦਾ ਵਿਰੋਧ ਕਰ ਰਹੇ ਹਨ।

ਹਾਲਾਂਕਿ ਗਡਕਰੀ ਨੇ ਮੰਨਿਆ ਕਿ ਜੇਕਰ ਇਨ੍ਹਾਂ ਨੂੰ ਜੀਐੱਸਟੀ ਦੇ ਦਾਇਰੇ 'ਚ ਲਿਆਂਦਾ ਜਾਵੇ ਤਾਂ ਆਮ ਲੋਕਾਂ ਨੂੰ ਕੀਮਤਾਂ ਤੋਂ ਜ਼ਿਆਦਾ ਰਾਹਤ ਮਿਲ ਸਕਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਕਈ ਮੌਕਿਆਂ 'ਤੇ ਦੁਹਰਾਇਆ ਹੈ ਕਿ ਇਸ ਬਾਰੇ ਫੈਸਲਾ ਕਰਨਾ ਜੀਐਸਟੀ ਕਾਂਉਸਲ ਦੇ ਹੱਥ ਵਿੱਚ ਹੈ।

Related Stories

No stories found.
logo
Punjab Today
www.punjabtoday.com