
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਆਪਣੇ ਆਖਰੀ ਪੜਾਅ 'ਤੇ ਹੈ ਅਤੇ ਕਾਂਗਰਸ ਪਾਰਟੀ ਦੀ ਇਸ ਯਾਤਰਾ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ । ਹੁਣ ਕਾਂਗਰਸ ਦੀ 'ਹਾਥ ਸੇ ਹਾਥ ਜੋੜੋ' ਮੁਹਿੰਮ 26 ਜਨਵਰੀ ਤੋਂ ਸ਼ੁਰੂ ਹੋ ਕੇ 26 ਮਾਰਚ ਤੱਕ ਜਾਰੀ ਰਹੇਗੀ।
ਪਾਰਟੀ ਦੇ ਰਾਸ਼ਟਰੀ ਬੁਲਾਰੇ ਜੈਰਾਮ ਰਮੇਸ਼ ਨੇ ਜੰਮੂ-ਕਸ਼ਮੀਰ ਦੇ ਕਠੂਆ 'ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਘਰ-ਘਰ ਜਾ ਕੇ ਪ੍ਰਚਾਰ ਕਰਨਗੇ ਅਤੇ 6 ਲੱਖ ਪਿੰਡਾਂ ਅਤੇ 2.5 ਲੱਖ ਗ੍ਰਾਮ ਪੰਚਾਇਤਾਂ ਦੇ 10 ਲੱਖ ਪੋਲਿੰਗ ਬੂਥਾਂ 'ਤੇ ਘਰ-ਘਰ ਪਹੁੰਚਣਗੇ, ਜਿੱਥੇ ਉਹ ਲੋਕਾਂ ਨੂੰ ਰਾਹੁਲ ਗਾਂਧੀ ਦਾ ਪੱਤਰ ਸੌਂਪਣਗੇ।
'ਹਾਥ ਸੇ ਹਾਥ ਜੋੜੋ' ਮੁਹਿੰਮ 26 ਜਨਵਰੀ ਤੋਂ 26 ਮਾਰਚ ਤੱਕ ਚੱਲੇਗੀ। ਇਸ ਮੁਹਿੰਮ ਦੌਰਾਨ ਕਾਂਗਰਸ ਪਾਰਟੀ ਆਮ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਇਲਾਵਾ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਚਿੱਠੀ ਸਮੇਤ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਦੀ ਲਿਸਟ ਹਰ ਘਰ ਵਿੱਚ ਵੰਡੀ ਜਾਵੇਗੀ। ਇਸ ਮੁਹਿੰਮ ਦਾ ਮਕਸਦ ਕਾਂਗਰਸੀ ਵਰਕਰਾਂ ਵਿੱਚ ਨਵੀਂ ਊਰਜਾ ਪੈਦਾ ਕਰਨਾ ਵੀ ਹੋਵੇਗਾ।
ਵੀਰਵਾਰ ਨੂੰ ਰਾਜਸਥਾਨ ਦੇ ਸ਼ਹਿਰੀ ਵਿਕਾਸ ਮੰਤਰੀ ਸ਼ਾਂਤੀ ਕੁਮਾਰ ਧਾਰੀਵਾਲ ਦੇ ਜੈਪੁਰ ਸਥਿਤ ਰਿਹਾਇਸ਼ 'ਤੇ ਸਮੀਖਿਆ ਮੀਟਿੰਗ ਕੀਤੀ ਗਈ। ਕਾਂਗਰਸੀ ਆਗੂ ਆਰ.ਸੀ.ਖੁੰਟੀਆ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਇਹ ਸਭ ਤੋਂ ਵੱਡੀ ਮੁਹਿੰਮ ਹੈ। ਇਸ ਬਾਰੇ ਪਤਾ ਹੋਣ ਦੇ ਬਾਵਜੂਦ ਜੇਕਰ ਕਾਂਗਰਸ ਦਾ ਕੋਈ ਆਗੂ, ਅਹੁਦੇਦਾਰ ਜਾਂ ਸੰਸਦ ਮੈਂਬਰ ਇਸ ਵਿੱਚ ਹਿੱਸਾ ਨਹੀਂ ਲੈਂਦਾ ਤਾਂ ਇਸ ਦੀ ਗੰਭੀਰਤਾ ਨਾਲ ਜਾਂਚ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਕਾਂਗਰਸ ਦਾ ਹਰ ਵਰਕਰ ਅਤੇ ਅਹੁਦੇਦਾਰ ਇਲਾਕੇ ਦੇ ਵੋਟਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੂਬਾ ਸਰਕਾਰ ਦੀਆਂ ਸਕੀਮਾਂ ਅਤੇ ਕਾਂਗਰਸ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣਗੇ। 'ਭਾਰਤ ਜੋੜੋ ਯਾਤਰਾ' ਦੌਰਾਨ ਜੋ ਸੰਦੇਸ਼ ਆਮ ਲੋਕਾਂ ਨੂੰ ਦਿੱਤਾ ਗਿਆ ਸੀ, ਉਸ ਨੂੰ ਹੁਣ ਹੱਥ ਸੇ ਹੱਥ ਜੋੜੋ ਮੁਹਿੰਮ ਤਹਿਤ ਘਰ-ਘਰ ਪਹੁੰਚਾਇਆ ਜਾਵੇਗਾ। 7 ਸਤੰਬਰ 2022 ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ 19 ਜਨਵਰੀ 2023 ਨੂੰ ਜੰਮੂ ਅਤੇ ਕਸ਼ਮੀਰ ਪਹੁੰਚੀ। 125 ਦਿਨਾਂ 'ਚ ਰਾਹੁਲ ਗਾਂਧੀ ਦੇਸ਼ ਦੇ 13 ਸੂਬਿਆਂ 'ਚੋਂ ਲੰਘੇ। ਉਹ 9 ਦਿਨ ਜੰਮੂ-ਕਸ਼ਮੀਰ 'ਚ ਰਹਿਣਗੇ। ਯਾਤਰਾ 30 ਜਨਵਰੀ ਨੂੰ ਸਮਾਪਤ ਹੋਵੇਗੀ।