ਫਾਰੂਕ ਕਤਲਾਂ ਨੂੰ ਠਹਿਰਾ ਰਹੇ ਹਨ ਜਾਇਜ਼, ਕਾਰਵਾਈ ਹੋਵੇਗੀ : ਮਨੋਜ ਸਿਨਹਾ

ਸ੍ਰੀਨਗਰ ਤੋਂ ਸੰਸਦ ਮੈਂਬਰ ਅਬਦੁੱਲਾ ਨੇ ਕਿਹਾ ਕਿ ਜੇਕਰ ਜ਼ਮੀਨੀ ਪੱਧਰ 'ਤੇ ਸਥਿਤੀ ਬਿਹਤਰ ਹੁੰਦੀ ਤਾਂ ਕਿਸੇ ਹੋਰ ਕਸ਼ਮੀਰੀ ਪੰਡਤ ਦੀ ਹੱਤਿਆ ਨਹੀਂ ਹੁੰਦੀ।
ਫਾਰੂਕ ਕਤਲਾਂ ਨੂੰ ਠਹਿਰਾ ਰਹੇ ਹਨ ਜਾਇਜ਼, ਕਾਰਵਾਈ ਹੋਵੇਗੀ : ਮਨੋਜ ਸਿਨਹਾ

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਘਾਟੀ 'ਚ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਹਨ, ਜੋ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਅਜਿਹੇ ਤੱਤਾਂ 'ਤੇ ਤਿੱਖੀ ਨਜ਼ਰ ਰੱਖਣ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਬੇਕਸੂਰ ਨਾਗਰਿਕਾਂ ਦੇ ਕਤਲ ਨੂੰ ਜਾਇਜ਼ ਠਹਿਰਾ ਰਹੇ ਹਨ। ਉਪ ਰਾਜਪਾਲ ਸਿਨਹਾ ਨੇ ਕਿਹਾ ਕਿ ਜੇਕਰ ਕੋਈ ਆਪਣੀ ਬਿਆਨਬਾਜ਼ੀ ਜਾਂ ਹਰਕਤਾਂ ਨਾਲ ਦੇਸ਼ ਦੀ ਅਖੰਡਤਾ ਨਾਲ ਖਿਲਵਾੜ ਕਰਦਾ ਹੈ ਤਾਂ ਆਉਣ ਵਾਲੇ ਦਿਨਾਂ 'ਚ ਉਸ ਵਿਰੁੱਧ ਦੇਸ਼ ਦੇ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ, ਅਸੀਂ ਅਜਿਹੇ ਤੱਤਾਂ 'ਤੇ ਨਜ਼ਰ ਰੱਖ ਰਹੇ ਹਾਂ।

ਸਿਨਹਾ ਨੇ ਇਹ ਗੱਲਾਂ ਪੁਲਿਸ ਯਾਦਗਾਰੀ ਦਿਵਸ ਮੌਕੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਹੀਆਂ। ਮਨੋਜ ਸਿਨਹਾ ਦੀ ਇਸ ਚਿਤਾਵਨੀ ਨੂੰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੇ ਹਾਲੀਆ ਬਿਆਨ 'ਤੇ ਜਵਾਬੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਅਬਦੁੱਲਾ ਨੇ ਭਾਜਪਾ ਦੇ ਇਸ ਦਾਅਵੇ 'ਤੇ ਸਵਾਲ ਉਠਾਇਆ ਸੀ ਕਿ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਾਂਗ ਹੋ ਜਾਣਗੇ। ਉਸਨੇ ਕਿਹਾ ਸੀ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਕਤਲ ਨਹੀਂ ਰੁਕਣਗੇ।

ਸ੍ਰੀਨਗਰ ਤੋਂ ਸੰਸਦ ਮੈਂਬਰ ਅਬਦੁੱਲਾ ਨੇ ਕਿਹਾ ਕਿ ਜੇਕਰ ਜ਼ਮੀਨੀ ਪੱਧਰ 'ਤੇ ਸਥਿਤੀ ਬਿਹਤਰ ਹੁੰਦੀ ਤਾਂ ਕਿਸੇ ਹੋਰ ਕਸ਼ਮੀਰੀ ਪੰਡਤ ਦੀ ਹੱਤਿਆ ਨਹੀਂ ਹੁੰਦੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ''ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਕਤਲ ਨਹੀਂ ਰੁਕਣਗੇ। ਉਨ੍ਹਾਂ ਇਹ ਬਿਆਨ ਉਦੋਂ ਦਿੱਤਾ ਜਦੋਂ ਹਾਲ ਹੀ ਵਿੱਚ ਸ਼ੋਪੀਆਂ ਵਿੱਚ ਅੱਤਵਾਦੀਆਂ ਵੱਲੋਂ ਇੱਕ ਕਸ਼ਮੀਰੀ ਪੰਡਤ ਦੀ ਹੱਤਿਆ ਬਾਰੇ ਪੁੱਛਿਆ ਗਿਆ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਕਿਹਾ, ਉਹ ਰੌਲਾ ਪਾ ਰਹੇ ਹਨ ਕਿ ਇਹ (ਅੱਤਵਾਦ) ਧਾਰਾ 370 ਦਾ ਨਤੀਜਾ ਹੈ।

ਅੱਜ ਧਾਰਾ 370 ਨਹੀਂ ਹੈ, ਪਰ ਫਿਰ ਅਜਿਹੀਆਂ ਹੱਤਿਆਵਾਂ ਕਿਉਂ ਹੋ ਰਹੀਆਂ ਹਨ ਅਤੇ ਕੌਣ ਜ਼ਿੰਮੇਵਾਰ ਹੈ? ਦੱਸ ਦੇਈਏ ਕਿ ਸ਼ਨੀਵਾਰ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਸਥਿਤ ਚੌਧਰੀ ਗੁੰਡ ਇਲਾਕੇ 'ਚ ਅੱਤਵਾਦੀਆਂ ਨੇ ਪੂਰਨ ਕ੍ਰਿਸ਼ਨ ਭੱਟ ਨਾਂ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ 'ਤੇ ਉਸ ਦੇ ਜੱਦੀ ਘਰ ਦੇ ਬਾਹਰ ਹਮਲਾ ਕੀਤਾ ਗਿਆ ਸੀ।

ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ 5 ਅਗਸਤ 2019 ਨੂੰ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੀ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਰੱਦ ਕਰ ਦਿੱਤਾ ਅਤੇ ਪੁਰਾਣੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ। ਅਬਦੁੱਲਾ ਦੀ ਪਾਰਟੀ (ਐਨਸੀ) ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਸਮੇਤ ਚਾਰ ਹੋਰ ਪਾਰਟੀਆਂ ਨਾਲ ਮਿਲ ਕੇ ਗਠਜੋੜ ਦੇ ਬੈਨਰ ਹੇਠ ਵਿਸ਼ੇਸ਼ ਦਰਜਾ ਬਹਾਲ ਕਰਨ ਦੀ ਮੰਗ ਕਰ ਰਹੀ ਹੈ।

Related Stories

No stories found.
logo
Punjab Today
www.punjabtoday.com