ਵਿਧਾਨ ਸਭਾ ਕੰਪਲੈਕਸ ਦੇ ਗੇਟ ਨੰਬਰ 1 ਦੇ ਬਾਹਰਲੇ ਪਾਸੇ ਖਾਲਿਸਤਾਨ ਦੇ ਝੰਡੇ ਲਗਾਏ ਗਏ ਸਨ, ਜਿਨ੍ਹਾਂ ਨੂੰ ਹੁਣ ਪ੍ਰਸ਼ਾਸਨ ਨੇ ਹਟਾ ਦਿੱਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਪੁਲਿਸ ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਸਕੇਗਾ ਕਿ ਇਸ ਸ਼ਰਾਰਤ ਪਿੱਛੇ ਕੌਣ ਸਨ। ਅਪਰਾਧੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।"
ਧਰਮਸ਼ਾਲਾ ਦੀ SDM ਸ਼ਿਲਪੀ ਬੇਕਤਾ ਨੇ ਕਿਹਾ, "ਇਹ ਸਾਡੇ ਲਈ ਅਲਰਟ ਹੈ, ਸਾਨੂੰ ਅੱਜ ਸਵੇਰੇ ਕਰੀਬ 7.30 ਵਜੇ ਸੂਚਨਾ ਮਿਲੀ। ਅਸੀਂ ਝੰਡੇ ਹਟਾ ਦਿੱਤੇ ਹਨ ਅਤੇ ਕੰਧਾਂ ਨੂੰ ਦੁਬਾਰਾ ਪੇਂਟ ਕੀਤਾ ਗਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਹਿਮਾਚਲ ਪ੍ਰਦੇਸ਼ ਓਪਨ ਪਲੇਸ ਪ੍ਰੀਵੈਨਸ਼ਨ ਆਫ਼ ਡਿਸਫਿਗਰਮੈਂਟ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਕਾਂਗੜਾ ਦੇ SP ਖੁਸ਼ਾਲ ਸ਼ਰਮਾ ਨੇ ਕਿਹਾ ਕਿ ਘਟਨਾ ਦੇਰ ਰਾਤ ਜਾਂ ਐਤਵਾਰ ਤੜਕੇ ਵਾਪਰੀ ਹੋ ਸਕਦੀ ਹੈ। “ਅਸੀਂ ਵਿਧਾਨ ਸਭਾ ਦੇ ਗੇਟ ਤੋਂ ਖਾਲਿਸਤਾਨੀ ਝੰਡੇ ਹਟਾ ਦਿੱਤੇ ਹਨ। ਕੇਸ ਦਰਜ ਕਰ ਲਿਆ ਹੈ।
ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਧਰਮਸ਼ਾਲਾ ਵਿਖੇ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਗਾਏ ਗਏ। ਉਨ੍ਹਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਅਧਿਕਾਰੀ ਨੂੰ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਸ਼ਰਾਰਤੀ ਅਨਸਰਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ, “ਹਿਮਾਚਲ ਇੱਕ ਸ਼ਾਂਤੀਪੂਰਨ ਰਾਜ ਹੈ ਅਤੇ ਅਸੀਂ ਇਸ ਸ਼ਾਂਤੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ।“