Krishna Janmashtami Special- ਕ੍ਰਿਸ਼ਨ-ਸੁਦਾਮਾ ਦੀ ਮਿੱਤਰਤਾ ਸੀ ਇਹੋ ਜਿਹੀ

ਸੁਦਾਮਾ ਇਕ ਗਰੀਬ ਬ੍ਰਾਹਮਣ ਲੜਕਾ ਸੀ ਜੋ ਰਿਸ਼ੀ ਸਾਂਦੀਪਨ ਦੇ ਆਸ਼ਰਮ ਵਿਚ ਉਸ ਦਾ ਨਜ਼ਦੀਕੀ ਮਿੱਤਰ ਬਣਿਆ ਸੀ।
Krishna Janmashtami Special- ਕ੍ਰਿਸ਼ਨ-ਸੁਦਾਮਾ ਦੀ ਮਿੱਤਰਤਾ ਸੀ ਇਹੋ ਜਿਹੀ

ਕ੍ਰਿਸ਼ਨ, ਜਿਸ ਨੂੰ ਭਗਵਾਨ ਕ੍ਰਿਸ਼ਨ ਕਹਿ ਕੇ ਸਤਿਕਾਰਿਆ ਜਾਂਦਾ ਹੈ, ਦਵਾਰਕਾ ਦਾ ਰਾਜਾ ਸੀ। ਬਹੁਤ ਸਾਰੇ ਹੋਰ ਸਦਗੁਣਾਂ ਦੇ ਨਾਲ-ਨਾਲ, ਉਸ ਦਾ ਇਕ ਗੁਣ ਆਪਣੇ ਪੁਰਾਣੇ ਮਿੱਤਰਾਂ ਨੂੰ ਹਮੇਸ਼ਾ ਯਾਦ ਰੱਖਣਾ ਅਤੇ ਉਨ੍ਹਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਸੀ। ਉਸ ਦਾ ਬਚਪਨ ਦਾ ਇਕ ਮਿੱਤਰ ਸੀ, ਸੁਦਾਮਾ। ਸੁਦਾਮਾ ਇਕ ਗਰੀਬ ਬ੍ਰਾਹਮਣ ਲੜਕਾ ਸੀ ਜੋ ਰਿਸ਼ੀ ਸਾਂਦੀਪਨ ਦੇ ਆਸ਼ਰਮ ਵਿਚ ਉਸ ਦਾ ਨਜ਼ਦੀਕੀ ਮਿੱਤਰ ਬਣਿਆਂ। ਉਹ ਇੱਥੇ ਇਕੱਠੇ ਰਹਿੰਦੇ ਅਤੇ ਗਿਆਨ ਪ੍ਰਾਪਤ ਕਰਦੇ ਸਨ।

ਇਕ ਵਾਰ ਰਿਸ਼ੀ ਸਾਂਦੀਪਨ ਨੇ ਉਨ੍ਹਾਂ ਦੋਹਾਂ ਨੂੰ ਜੰਗਲ ਵਿਚੋਂ ਕੁਝ ਲੱਕੜਾਂ ਇਕੱਠੀਆਂ ਕਰਕੇ ਲਿਆਉਣ ਲਈ ਭੇਜਿਆ। ਜਦ ਉਹ ਜੰਗਲ ਵਿਚੋਂ ਲੱਕੜਾਂ ਇਕੱਠੀਆਂ ਕਰ ਰਹੇ ਸਨ, ਇਕ ਦਮ ਭਿਆਨਕ ਹਨੇਰੀ ਚੱਲਣ ਲੱਗ ਪਈ। ਸੁਦਾਮਾ ਘਬਰਾਹਟ ਮਹਿਸੂਸ ਕਰਨ ਲੱਗਾ ਪਰ ਕ੍ਰਿਸ਼ਨ ਨੇ ਉਸ ਦੇ ਹੱਥ ਫੜ ਕੇ ਉਸ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕੁਝ ਨਹੀਂ ਹੋਵੇਗਾ। ਜਦ ਹਨੇਰੀ ਰੁਕ ਗਈ, ਉਹ ਲੱਕੜਾਂ ਲੈ ਕੇ ਵਾਪਸ ਆਸ਼ਰਮ ਵਿਚ ਆ ਗਏ। ਜੰਗਲ ਵਿਚ ਕ੍ਰਿਸ਼ਨ ਕਦੀ ਵੀ ਸੁਦਾਮੇ ਦਾ ਸਾਥ ਨਹੀਂ ਛੱਡਦਾ ਸੀ ਅਤੇ ਸੁਦਾਮਾ ਉਸ ਨੂੰ ਅਜਿਹਾ ਸੱਚਾ ਮਿੱਤਰ ਮਿਲਾਉਣ ਲਈ ਮਨ ਹੀ ਮਨ ਵਿਚ ਰੱਬ ਦਾ ਧੰਨਵਾਦ ਕਰਦਾ।

ਪੜ੍ਹਾਈ ਪੂਰੀ ਹੋਣ ਉਪਰੰਤ ਰਿਸ਼ੀ ਸਾਂਦੀਪਨ ਨੇ ਉਨ੍ਹਾਂ ਨੂੰ ਲੰਮੀ ਉਮਰ ਅਤੇ ਸਦੀਵੀ ਖੁਸ਼ੀ ਦਾ ਅਸ਼ੀਰਵਾਦ ਦਿੱਤਾ ਅਤੇ ਦੋਨੋਂ ਮਿੱਤਰ ਆਪਣੇ-ਆਪਣੇ ਘਰਾਂ ਨੂੰ ਚਲੇ ਗਏ।

ਕ੍ਰਿਸ਼ਨ ਦਵਾਰਕਾ ਦਾ ਰਾਜਾ ਬਣ ਗਿਆ ਅਤੇ ਉਸ ਦੀ ਸ਼ਾਦੀ ਖੁਸ਼ਹਾਲੀ ਦੀ ਦੇਵੀ ਰਾਜਕੁਮਾਰੀ ਰੁਕਮਣੀ ਨਾਲ ਹੋ ਗਈ। ਸੁਦਾਮੇ ਦੀ ਸ਼ਾਦੀ ਇਕ ਸਧਾਰਣ ਬ੍ਰਾਹਮਣ ਲੜਕੀ ਨਾਲ ਹੋ ਗਈ ਅਤੇ ਉਹ ਇਕ ਧਾਰਮਿਕ ਵਿਅਕਤੀ ਵਜੋਂ ਜੀਵਨ ਬਤੀਤ ਕਰਨ ਲੱਗਾ। ਉਸ ਨੇ ਜੀਵਨ ਦੀਆਂ ਸਾਰੀਆਂ ਸਹੂਲਤਾਂ ਅਤੇ ਮੌਜ-ਮਸਤੀਆਂ ਤਿਆਗ ਦਿੱਤੀਆਂ। ਉਹ ਧਰਮ-ਗ੍ਰੰਥ ਪੜ੍ਹਦਾ ਅਤੇ ਪਾਠ-ਪੂਜਾ ਕਰਦਾ ਰਹਿੰਦਾ। ਹਰ ਕੋਈ ਉਸ ਨੂੰ ਉਸ ਦੇ ਨੇਕ ਅਤੇ ਦਿਆਲੂ ਸੁਭਾਅ ਕਾਰਣ ਪਿਆਰ ਕਰਦਾ ਸੀ। ਇਸ ਤਰ੍ਹਾਂ ਉਹ ਅਤੇ ਉਸ ਦੀ ਪਤਨੀ ਖੁਸ਼ੀ ਭਰਿਆ ਜੀਵਨ ਬਤੀਤ ਕਰਦੇ ਰਹੇ।

ਫਿਰ ਸੁਦਾਮੇ ਦੀ ਪਤਨੀ ਦੇ ਦੋ ਬੱਚੇ ਹੋ ਗਏ ਅਤੇ ਉਸ ਦੀ ਕੋਈ ਖਾਸ ਕਮਾਈ ਨਾ ਹੋਣ ਕਾਰਣ, ਉਸ ਨੂੰ ਪਰਿਵਾਰ ਦੀ ਪਾਲਣਾ ਕਰਨ ਵਿਚ ਮੁਸ਼ਕਿਲ ਆਉਣ ਲੱਗੀ। ਸੁਦਾਮੇ ਦੀ ਪਤਨੀ ਆਪਣੇ ਪਤੀ ਨਾਲ ਹਰ ਦੁੱਖ-ਸੁੱਖ ਕੱਟਣ ਲਈ ਤਿਆਰ ਸੀ ਪਰ ਜਦ ਉਸ ਨੇ ਦੇਖਿਆ ਕਿ ਉਨ੍ਹਾਂ ਦੀ ਗਰੀਬੀ ਕਾਰਣ, ਉਨ੍ਹਾਂ ਦੇ ਬੱਚਿਆਂ ਨੂੰ ਦੁਖੀ ਹੋਣਾ ਪੈ ਰਿਹਾ ਹੈ, ਉਸ ਨੇ ਉਸ ਨੂੰ ਆਪਣੇ ਮਿੱਤਰ ਕ੍ਰਿਸ਼ਨ ਪਾਸ ਜਾ ਕੇ ਉਸ ਤੋਂ ਕੁਝ ਸਹਾਇਤਾ ਮੰਗਣ ਲਈ ਬੇਨਤੀ ਕੀਤੀ। ਉਸ ਦੀ ਗੱਲ ਸੁਣ ਕੇ ਸੁਦਾਮੇ ਨੇ ਜਵਾਬ ਦਿੱਤਾ,''ਮੈਂ ਕ੍ਰਿਸ਼ਨ ਕੋਲ਼ ਜਾ ਕੇ ਸਹਾਇਤਾ ਕਿਵੇਂ ਮੰਗ ਸਕਦਾ ਹਾਂ? ਉਹ ਦਵਾਰਕਾ ਸ਼ਹਿਰ ਦਾ ਰਾਜਾ ਹੈ ਅਤੇ ਮੈਂ ਇਕ ਗਰੀਬ ਬ੍ਰਾਹਮਣ ਹਾਂ। ਮੇਰਾ ਅਤੇ ਉਸ ਦਾ ਕੀ ਮੇਲ? ਮੈਂ ਤਾਂ ਆਪਣੇ ਆਪ ਨੂੰ ਉਸ ਦਾ ਮਿੱਤਰ ਅਖਵਾਉਣ ਦੇ ਵੀ ਯੋਗ ਨਹੀਂ ਸਮਝਦਾ।''

ਪਰ ਸੁਦਾਮੇ ਦੀ ਪਤਨੀ ਉਸ ਨੂੰ ਲਗਾਤਾਰ ਮਜ਼ਬੂਰ ਕਰਦੀ ਰਹੀ। ਆਖਰਕਾਰ, ਉਸ ਨਾਲ ਸਹਿਮਤ ਹੁੰਦਿਆਂ ਸੁਦਾਮਾ ਕਹਿਣ ਲੱਗਾ, ''ਠੀਕ ਹੈ, ਮੈਂ ਕ੍ਰਿਸ਼ਨ ਨੂੰ ਮਿਲਣ ਚਲਾ ਜਾਂਦਾ ਹਾਂ। ਪਰ ਜਾਂਦਾ ਹੋਇਆ ਮੈਂ ਉਸ ਲਈ ਕੀ ਲੈ ਕੇ ਜਾਵਾਂਗਾ? ਸਾਡੇ ਘਰ ਤਾਂ ਕੋਈ ਅੰਨ ਦਾ ਦਾਣਾ ਜਾਂ ਅਜਿਹਾ ਕੱਪੜਾ-ਲੀੜਾ ਵੀ ਨਹੀਂ ਜੋ ਮੈਂ ਆਪਣੇ ਨਾਲ ਲਿਜਾ ਸਕਾਂ।''

ਉਸ ਦੀ ਪਤਨੀ ਕਹਿਣ ਲੱਗੀ, ''ਮੇਰੇ ਯਾਦ ਹੈ ਇਕ ਵਾਰ ਤੂੰ ਮੈਨੂੰ ਦੱਸਿਆ ਸੀ ਕਿ ਕ੍ਰਿਸ਼ਨ ਚੌਲਾਂ ਦੇ ਪਰਮਲ ਬਹੁਤ ਪਸੰਦ ਕਰਦਾ ਹੈ। ਮੈਂ ਆਪਣੇ ਗੁਆਂਢ ਵਿਚੋਂ ਕੁਝ ਪਰਮਲ ਮੰਗ ਲਿਆਉਂਦੀ ਹਾਂ।'' ਸੋ ਉਹ ਆਪਣੀ ਇਕ ਗੁਆਂਢਣ ਦੇ ਘਰ ਗਈ ਅਤੇ ਉਸ ਤੋਂ ਕੁਝ ਪਰਮਲ ਮੰਗ ਲਿਆਈ। ਕੱਪੜੇ ਦੀ ਇਕ ਛੋਟੀ ਜਿਹੀ ਪੋਟਲੀ ਵਿਚ ਬੰਨ੍ਹ ਕੇ ਉਸ ਨੇ ਪਰਮਲ ਸੁਦਾਮੇ ਨੂੰ ਫੜਾ ਦਿੱਤੇ ਅਤੇ ਫਿਰ ਉਸ ਨੂੰ ਦਵਾਰਕਾ ਵੱਲ ਤੋਰ ਦਿੱਤਾ।

ਜੰਗਲ ਵਿਚ ਕਈ ਦਿਨ ਤੁਰਨ ਤੋਂ ਬਾਅਦ ਸੁਦਾਮਾ ਆਖਰਕਾਰ ਦਵਾਰਕਾ ਸ਼ਹਿਰ ਦੇ ਮੁੱਖ ਦਵਾਰ ਕੋਲ਼ ਪਹੁੰਚ ਗਿਆ। ਇਸ ਦੇ ਦਰਵਾਜ਼ੇ ਸੋਨੇ ਦੇ ਬਣੇ ਹੋਏ ਸਨ ਅਤੇ ਸੂਰਜ ਦੀ ਰੌਸ਼ਨੀ ਵਿਚ ਉਹ ਸ਼ੀਸ਼ੇ ਵਾਂਗ ਚਮਕ ਰਹੇ ਸਨ। ਜਦ ਸੁਦਾਮਾ ਦਰਵਾਜ਼ੇ ਵਿਚ ਪ੍ਰਵੇਸ਼ ਕਰਨ ਲੱਗਾ ਤਾ ਦਵਾਰਪਾਲ ਨੇ ਉਸ ਨੂੰ ਰੋਕ ਕੇ ਕਿਹਾ, ''ਤੁਹਾਨੂੰ ਅੰਦਰ ਕੀ ਕੰਮ ਹੈ?''

ਸੁਦਾਮੇ ਨੇ ਜਵਾਬ ਦਿੱਤਾ, ''ਮੈਂ ਸ਼ਹਿਰ ਦੇ ਰਾਜਾ ਕ੍ਰਿਸ਼ਨ ਨੂੰ ਮਿਲਣਾ ਹੈ।''

''ਤੂੰ ਇਹ ਕਿਉਂ ਸੋਚ ਰਿਹਾ ਹੈਂ ਸਾਡਾ ਮਹਾਰਾਜਾ ਕ੍ਰਿਸ਼ਨ ਤੇਰੇ ਵਰਗੇ ਕਿਸੇ ਗਰੀਬ ਬ੍ਰਾਹਮਣ ਨੂੰ ਮਿਲਣਾ ਚਾਹੇਗਾ?'' ਦਵਾਰਪਾਲ ਨੇ ਹੱਸਦੇ ਹੋਏ ਪੁੱਛਿਆ।

''ਕਿਉਂਕਿ ਮੈਂ ਉਸ ਦਾ ਮਿੱਤਰ ਹਾਂ'', ਸੁਦਾਮੇ ਨੇ ਕਿਹਾ। ਉਸ ਦਾ ਜਵਾਬ ਸੁਣ ਕੇ ਦਵਾਰਪਾਲ ਤੋਂ ਆਪਣਾ ਹਾਸਾ ਰੁਕ ਨਹੀਂ ਰਿਹਾ ਸੀ। ਫਿਰ ਵੀ ਦਵਾਰਪਾਲ ਨੇ ਆਪਣੇ ਇਕ ਸਹਿਕਰਮੀ ਨੂੰ ਕ੍ਰਿਸ਼ਨ ਕੋਲ਼ ਭੇਜ ਦਿੱਤਾ ਜਿਸ ਨੇ ਰਾਜ ਦਰਬਾਰ ਵਿਚ ਜਾਂਦਿਆ ਹੀ ਕ੍ਰਿਸ਼ਨ ਨੂੰ ਕਿਹਾ, ''ਮਹਾਰਾਜ, ਸ਼ਹਿਰ ਦੇ ਦਰਵਾਜ਼ੇ ਤੇ ਇਕ ਗਰੀਬ ਬ੍ਰਾਹਮਣ ਖੜ੍ਹਾ ਹੈ। ਉਹ ਜਰੂਰ ਹੀ ਪਾਗਲ ਹੋਵੇਗਾ ਕਿਉਂਕਿ ਉਹ ਕਹਿ ਰਿਹਾ ਹੈ ਕਿ ਉਹ ਤੁਹਾਡਾ ਮਿੱਤਰ ਹੈ। ਉਹ ਆਪਣਾ ਨਾਮ ਸੁਦਾਮਾ ਦਸਦਾ ਹੈ।''

ਇਹ ਸੁਣਦੇ ਹੀ ਕ੍ਰਿਸ਼ਨ ਛਾਲ਼ ਮਾਰ ਕੇ ਆਪਣੇ ਸਿੰਘਾਸਣ ਤੋਂ ਹੇਠ ਆ ਗਿਆ ਅਤੇ ਸ਼ਹਿਰ ਦੀਆਂ ਗਲ਼ੀਆਂ ਵਿਚ ਨੰਗੇ ਪੈਰੀਂ ਹੀ ਦੌੜਦਾ ਹੋਇਆ ਸ਼ਹਿਰ ਦੇ ਮੁੱਖ ਦਵਾਰ ਕੋਲ਼ ਪਹੁੰਚ ਗਿਆ। ਸੁਦਾਮੇ ਨੂੰ ਦੇਖਦਿਆਂ ਹੀ ਉਸ ਨੂੰ ਚਾਅ ਚੜ੍ਹ ਗਿਆ ਅਤੇ ਉਸ ਨੇ ਆਪਣੇ ਮਿੱਤਰ ਦਾ ਖੁਸ਼ੀ ਦੇ ਹੰਝੂਆਂ ਨਾਲ ਸਵਾਗਤ ਕੀਤਾ। ''ਪਿਆਰੇ ਮਿੱਤਰ, ਤੂੰ ਇੰਨੀ ਦੇਰ ਕਿੱਥੇ ਰਿਹਾ। ਮੈਨੂੰ ਤੂੰ ਬਹੁਤ ਯਾਦ ਆਉਂਦਾ ਰਿਹਾ।'' ਸੁਦਾਮਾ ਵੀ ਕ੍ਰਿਸ਼ਨ ਨੂੰ ਮਿਲ ਕੇ ਬਹੁਤ ਖੁਸ਼ ਸੀ। ਉਹ ਇਹ ਸੋਚ ਕੇ ਭਾਵੁਕ ਵੀ ਹੋ ਰਿਹਾ ਸੀ ਕਿ ਕ੍ਰਿਸ਼ਨ ਉਸ ਨੂੰ ਲੈਣ ਲਈ ਖ਼ੁਦ ਸ਼ਹਿਰ ਦੇ ਦਵਾਰ ਤਕ ਆਇਆ ਹੈ।

ਕ੍ਰਿਸ਼ਨ ਸੁਦਾਮੇ ਨੂੰ ਆਪਣੇ ਮਹਿਲ ਵਿਚ ਲੈ ਗਿਆ। ਮਹਿਲ ਦੀ ਅਮੀਰੀ ਅਤੇ ਠਾਠ-ਬਾਠ ਦੇਖ ਕੇ ਸੁਦਾਮਾ ਅਚੰਭਿਤ ਹੋ ਰਿਹਾ ਸੀ। ਮਹਿਲ ਦੀਆਂ ਦੀਵਾਰਾਂ ਸੋਨੇ ਅਤੇ ਹੀਰੇ-ਜਵਾਹਰਾਤਾਂ ਨਾਲ ਚਮਕ ਰਹੀਆਂ ਸਨ। ਕ੍ਰਿਸ਼ਨ ਸੁਦਾਮੇ ਨੂੰ ਅੰਦਰ ਲੈ ਗਿਆ ਅਤੇ ਉੱਥੇ ਜਾ ਕੇ ਉਸ ਨੇ ਉਸ ਦੇ ਪੈਰ ਗੁਲਾਬ ਜਲ ਨਾਲ ਧੋਤੇ ਅਤੇ ਉਸ ਨਾਲ ਬਹੁਤ ਸਾਰੀਆਂ ਨਵੀਆਂ-ਪੁਰਾਣੀਆਂ ਗੱਲਾਂ ਕੀਤੀਆਂ।

ਜਦ ਸੁਦਾਮੇ ਦੇ ਜਾਣ ਦਾ ਵਕਤ ਹੋਇਆ ਤਾਂ ਕ੍ਰਿਸ਼ਨ ਨੇ ਦੇਖਿਆ ਕਿ ਉਸ ਦੇ ਹੱਥ ਵਿਚ ਕੱਪੜੇ ਦੀ ਇਕ ਛੋਟੀ ਜਿਹੀ ਪੋਟਲੀ ਸੀ। ਉਸ ਵੱਲ ਇਸ਼ਾਰਾ ਕਰਦਿਆਂ ਕ੍ਰਿਸ਼ਨ ਨੇ ਕਿਹਾ, ''ਕੀ ਇਹ ਪੋਟਲੀ ਮੇਰੇ ਲਈ ਹੈ?'' ਸੁਦਾਮਾ ਛਿੱਥਾ ਜਿਹਾ ਪੈ ਰਿਹਾ ਸੀ। ਉਹ ਕੁਝ ਨਹੀਂ ਬੋਲਿਆ। ਕ੍ਰਿਸ਼ਨ ਨੇ ਉਸ ਦੇ ਹੱਥ ਵਿਚੋਂ ਪੋਟਲੀ ਖੋਹ ਕੇ ਉਸ ਨੂੰ ਖੋਲ੍ਹ ਲਿਆ। ਫਿਰ ਉਸ ਨੇ ਇਸ ਵਿਚੋਂ ਕੁਝ ਪਰਮਲ ਕੱਢੇ ਤੇ ਉਨ੍ਹਾਂ ਨੂੰ ਹਥੇਲੀ ਤੇ ਰੱਖ ਕੇ ਫੱਕਾ ਮਾਰ ਲਿਆ ਅਤੇ ਇੰਨ੍ਹਾਂ ਨੂੰ ਪੂਰੇ ਅਨੰਦ ਨਾਲ ਖਾਣ ਲੱਗਾ।

ਸੁਦਾਮੇ ਨੇ ਕ੍ਰਿਸ਼ਨ ਨੂੰ ਅਲਵਿਦਾ ਕਹੀ ਤੇ ਆਪਣੇ ਘਰ ਲਈ ਚੱਲ ਪਿਆ। ਕ੍ਰਿਸ਼ਨ ਨੂੰ ਆਪਣੀ ਗਰੀਬੀ ਬਾਰੇ ਦੱਸਣ ਅਤੇ ਉਸ ਤੋਂ ਕੋਈ ਸਹਾਇਤਾ ਮੰਗਣ ਦਾ ਉਸ ਦਾ ਹੌਸਲਾ ਹੀ ਨਹੀਂ ਪਿਆ। ਸਾਰੇ ਰਾਹ ਉਹ ਕ੍ਰਿਸ਼ਨ ਦੁਆਰਾ ਉਸ ਨੂੰ ਦਿੱਤੇ ਗਏ ਮਾਣ ਅਤੇ ਸਤਿਕਾਰ ਬਾਰੇ ਸੋਚਦਾ ਰਿਹਾ। ਉਸ ਨੂੰ ਆਪਣਾ ਅਜਿਹਾ ਮਿੱਤਰ ਹੋਣ ਤੇ ਮਾਣ ਮਹਿਸੂਸ ਹੋ ਰਿਹਾ ਸੀ।

ਜਦ ਸੁਦਾਮਾ ਘਰ ਪਹੁੰਚਿਆ, ਉਸ ਨੇ ਇਕ ਕ੍ਰਿਸ਼ਮਾਂ ਵਾਪਰਿਆ ਦੇਖਿਆ। ਉਸ ਦੀ ਛੋਟੀ ਜਿਹੀ ਕੁੱਲੀ ਇਕ ਬਹੁਤ ਵੱਡੇ ਅਤੇ ਆਲੀਸ਼ਾਨ ਬੰਗਲੇ ਵਿਚ ਬਦਲ ਚੁੱਕੀ ਸੀ ਅਤੇ ਉਸ ਦੇ ਬੱਚੇ ਇਸ ਦੇ ਵਿਸ਼ਾਲ ਵਿਹੜੇ ਵਿਚ ਖੇਡ ਰਹੇ ਸਨ। ਉਨ੍ਹਾਂ ਨੇ ਨਵੇਂ ਕੱਪੜੇ ਪਹਿਨੇ ਹੋਏ ਸਨ ਅਤੇ ਉਹ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਜਦ ਉਸ ਦੀ ਪਤਨੀ ਨੇ ਉਸ ਨੂੰ ਦੇਖਿਆ, ਉਹ ਉਸ ਨੂੰ ਮਿਲਣ ਲਈ ਦਰਵਾਜ਼ੇ ਵੱਲ ਨੂੰ ਦੌੜੀ। ''ਕੀ ਇਹ ਇਕ ਚਮਤਕਾਰ ਨਹੀਂ ਹੈ?'' ਉਹ ਕਹਿ ਰਹੀ ਸੀ।

ਸੁਦਾਮਾ ਚੁੱਪ-ਚਾਪ ਸਿਰ ਹਿਲਾ ਰਿਹਾ ਸੀ। ਉਹ ਸਮਝ ਚੁੱਕਾ ਸੀ ਕਿ ਉਸ ਲਈ ਇੰਨਾ ਕੁਝ ਕਰਨ ਵਾਲਾ ਕੇਵਲ ਕੋਈ ਅਤਿ ਸ਼ਕਤੀਸ਼ਾਲੀ ਅਤੇ ਦਿਆਲੂ ਮਨੁੱਖ ਹੀ ਹੋ ਸਕਦਾ ਹੈ ਅਤੇ ਉਹ ਕੇਵਲ ਉਸ ਦਾ ਮਿੱਤਰ ਕ੍ਰਿਸ਼ਨ ਹੀ ਹੋ ਸਕਦਾ ਹੈ। ਜਦ ਉਹ ਦਿਲ ਹੀ ਦਿਲ ਵਿਚ ਆਪਣੇ ਮਿੱਤਰ ਦਾ ਧੰਨਵਾਦ ਕਰ ਰਿਹਾ ਸੀ, ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦੀ ਬਰਸਾਤ ਹੋ ਰਹੀ ਸੀ। ਧੰਨ ਸੀ ਕ੍ਰਿਸ਼ਨ ਦੀ ਮਿੱਤਰਤਾ ਅਤੇ ਮਿੱਤਰ-ਭਾਵਨਾ!

Related Stories

No stories found.
logo
Punjab Today
www.punjabtoday.com