ਪੰਜਾਬ ਤੋਂ ਬਾਅਦ ਹੁਣ ਹਰਿਆਣਾ ਕਾਂਗਰਸ ਵਿਚ ਵੀ ਅਣਬਣ ਸ਼ੁਰੂ ਹੋ ਗਈ ਹੈ। ਹੁਣ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਗੁਲਾਮ ਨਬੀ ਆਜ਼ਾਦ ਨਾਲ ਮੁਲਾਕਾਤ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ, ਸੀਨੀਅਰ ਕਾਂਗਰਸ ਆਗੂ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਇਸ ਕਦਮ ਨੇ ਪਾਰਟੀ ਦੇ ਆਮ ਵਰਕਰਾਂ ਨੂੰ ਨਿਰਾਸ਼ ਕੀਤਾ ਹੈ।
ਆਜ਼ਾਦ ਨੇ ਸ਼ੁੱਕਰਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਸੋਮਵਾਰ ਨੂੰ ਆਪਣੀ ਪੁਰਾਣੀ ਪਾਰਟੀ ਅਤੇ ਇਸ ਦੀ ਲੀਡਰਸ਼ਿਪ 'ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ 'ਬਿਮਾਰ' ਕਾਂਗਰਸ ਨੂੰ ਦਵਾਈ ਦੀ ਲੋੜ ਹੈ, ਅਰਦਾਸਾਂ ਦੀ ਨਹੀਂ, ਕਾਂਗਰਸ 'ਚ ਇਲਾਜ਼ 'ਕੰਪਾਊਂਡਰਾਂ' ਦੁਆਰਾ ਇਲਾਜ ਕੀਤਾ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੇ ਮੈਂਬਰ ਅਤੇ ਪਾਰਟੀ ਦੀ ਹਰਿਆਣਾ ਇਕਾਈ ਦੇ ਸਾਬਕਾ ਪ੍ਰਧਾਨ ਸ਼ੈਲਜਾ ਨੇ ਹੁੱਡਾ ਖਿਲਾਫ ਪਾਰਟੀ ਹਾਈਕਮਾਂਡ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਨ੍ਹਾਂ ਖਿਲਾਫ ਕਾਰਨ ਦੱਸੋ ਨੋਟਿਸ ਦੀ ਮੰਗ ਕੀਤੀ ਹੈ। ਹੁੱਡਾ ਤੋਂ ਇਲਾਵਾ ਜੀ-23 ਦੇ ਦੋ ਹੋਰ ਮੈਂਬਰ ਆਨੰਦ ਸ਼ਰਮਾ ਅਤੇ ਪ੍ਰਿਥਵੀਰਾਜ ਚਵਾਨ ਨੇ ਮੰਗਲਵਾਰ ਨੂੰ ਆਜ਼ਾਦ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਮੁਲਾਕਾਤ ਕੀਤੀ।
ਸ਼ੈਲਜਾ ਨੇ ਇਹ ਮਾਮਲਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਵਿਵੇਕ ਬਾਂਸਲ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਕੋਲ ਉਠਾਇਆ। ਸ਼ੈਲਜਾ ਨੇ ਕਿਹਾ, ''ਮੈਂ ਕਿਹਾ ਹੈ ਕਿ ਹੁੱਡਾ ਜੀ ਉਥੇ ਜਾ ਰਹੇ ਹਨ ਅਤੇ ਆਜ਼ਾਦ ਸਾਹਿਬ ਨੂੰ ਮਿਲ ਰਹੇ ਹਾਂ, ਜਦਕਿ ਉਨ੍ਹਾਂ (ਆਜ਼ਾਦ) ਨੇ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਾਡੇ ਨੇਤਾ ਨੇ ਪਾਰਟੀ ਵਰਕਰਾਂ ਨੂੰ ਨਿਰਾਸ਼ ਕੀਤਾ ਹੈ ਅਤੇ ਇਹ ਉਨ੍ਹਾਂ ਨੂੰ ਉਲਝਣ ਵਿਚ ਵੀ ਪਾਉਂਦਾ ਹੈ।
ਜ਼ਿਕਰਯੋਗ ਹੈ ਕਿ ਹੁੱਡਾ ਜੀ-23 ਦੇ ਉਨ੍ਹਾਂ ਨੇਤਾਵਾਂ 'ਚੋਂ ਇਕ ਹਨ, ਜਿਨ੍ਹਾਂ ਨੇ ਅਗਸਤ 2020 'ਚ ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖ ਕੇ ਸੰਗਠਨ 'ਚ ਬਦਲਾਅ ਅਤੇ ਹਰ ਪੱਧਰ 'ਤੇ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਸ਼ਰਮਾ ਅਤੇ ਚਵਾਨ ਨਾਲ ਆਜ਼ਾਦ ਦੇ ਨਾਲ ਜੀ-23 ਦੀ ਭਵਿੱਖੀ ਰਣਨੀਤੀ 'ਤੇ ਚਰਚਾ ਕੀਤੀ। ਕਾਂਗਰਸ ਨੇ ਅਪ੍ਰੈਲ ਵਿਚ ਆਪਣੀ ਹਰਿਆਣਾ ਇਕਾਈ ਵਿਚ ਫੇਰਬਦਲ ਕੀਤਾ ਅਤੇ ਸ਼ੈਲਜਾ ਦੀ ਜਗ੍ਹਾ ਹੁੱਡਾ ਦੇ ਵਫ਼ਾਦਾਰ ਉਦੈ ਭਾਨ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ ।