ਮਹਾਵੀਰ ਫੋਗਾਟ ਨੇ ਮਹਿਲਾ ਪਹਿਲਵਾਨਾਂ ਅਤੇ WFI ਪ੍ਰਧਾਨ ਬ੍ਰਿਜ ਭੂਸ਼ਣ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ। ਹਰਿਆਣਾ ਦੇ ਦੰਗਲ ਫਿਲਮ ਫੇਮ ਪਹਿਲਵਾਨ ਮਹਾਵੀਰ ਫੋਗਾਟ ਨੇ ਦਰੋਣਾਚਾਰੀਆ ਐਵਾਰਡ ਵਾਪਸ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਿੱਲੀ ਦੇ ਜੰਤਰ-ਮੰਤਰ 'ਤੇ ਬੁੱਧਵਾਰ ਰਾਤ ਨੂੰ ਹੋਈ ਝੜਪ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ।
ਮਹਾਵੀਰ ਫੋਗਾਟ ਨੇ ਕਿਹਾ ਕਿ ਜੇਕਰ ਖਿਡਾਰੀਆਂ ਨੂੰ ਇਨਸਾਫ਼ ਨਾ ਮਿਲਿਆ ਅਤੇ ਉਨ੍ਹਾਂ ਨੇ ਮੈਡਲ ਵਾਪਸ ਕੀਤੇ ਤਾਂ ਮੈਂ ਵੀ ਆਪਣਾ ਐਵਾਰਡ ਵਾਪਸ ਕਰ ਦਿਆਂਗਾ। ਮਹਾਵੀਰ ਫੋਗਾਟ ਨੇ ਜੰਤਰ-ਮੰਤਰ ਵਿਖੇ ਖਿਡਾਰੀਆਂ ਨਾਲ ਕੀਤੇ ਗਏ ਸਲੂਕ ਨੂੰ ਗਲਤ ਅਤੇ ਸ਼ਰਮਨਾਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਲਈ ਮੈਡਲ ਪਾਉਣ ਵਾਲੀਆਂ ਧੀਆਂ ਪਿਛਲੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ, ਉਸਦੀ ਸੁਣਵਾਈ ਨਹੀਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਕਿਉਂ ਬਚਾਇਆ ਜਾ ਰਿਹਾ ਹੈ। ਉਸ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਦੱਸ ਦੇਈਏ ਕਿ ਮਹਾਵੀਰ ਫੋਗਾਟ ਲਗਾਤਾਰ ਪਹਿਲਵਾਨਾਂ ਦੇ ਧਰਨੇ ਦਾ ਸਮਰਥਨ ਕਰ ਰਹੇ ਹਨ। ਉਹ ਦਿੱਲੀ ਵਿੱਚ ਕੁਝ ਦਿਨ ਪਹਿਲਵਾਨਾਂ ਨਾਲ ਧਰਨੇ 'ਤੇ ਵੀ ਬੈਠੇ ਰਹੇ। ਇਸ ਦੇ ਨਾਲ ਹੀ ਮੀਡਿਆ ਨਾਲ ਖਾਸ ਗੱਲਬਾਤ ਕਰਦੇ ਹੋਏ ਮਹਾਵੀਰ ਫੋਗਾਟ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਕਈ ਦੋਸ਼ ਲਗਾਏ ਸਨ।
ਸੀਐੱਮ ਮਨੋਹਰ ਲਾਲ ਨੇ ਕਿਹਾ- 'ਖਿਡਾਰੀਆਂ ਦਾ ਮਾਮਲਾ ਹਰਿਆਣਾ ਸਰਕਾਰ ਦੇ ਧਿਆਨ 'ਚ ਹੈ, ਪਰ ਇਹ ਮਾਮਲਾ ਹਰਿਆਣਾ ਨਾਲ ਸਬੰਧਤ ਨਹੀਂ ਹੈ। ਇਸ ਲਈ ਕਾਰਵਾਈ ਨਹੀਂ ਕਰ ਸਕਦਾ। ਇਹ ਵਿਸ਼ਾ ਦਿੱਲੀ ਅਤੇ ਕੇਂਦਰੀ ਟੀਮਾਂ ਨਾਲ ਸਬੰਧਤ ਹੈ। ਬੁੱਧਵਾਰ ਦੇਰ ਰਾਤ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਕੁਝ ਪਹਿਲਵਾਨਾਂ ਨੂੰ ਸੱਟਾਂ ਵੀ ਲੱਗੀਆਂ ਹਨ। ਪਹਿਲਵਾਨ ਰਾਕੇਸ਼ ਯਾਦਵ ਦੇ ਸਿਰ 'ਤੇ ਸੱਟ ਲੱਗੀ, ਉਸਨੂੰ ਇਲਾਜ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਵਿਨੇਸ਼ ਫੋਗਾਟ ਦੇ ਭਰਾ ਦੁਸ਼ਯੰਤ ਦਾ ਸਿਰ ਵੀ ਪਾਟ ਗਿਆ।
ਦਿੱਲੀ ਵਿੱਚ ਪ੍ਰਦਰਸ਼ਨ ਕਰਨ ਵਾਲੇ ਜ਼ਿਆਦਾਤਰ ਪਹਿਲਵਾਨ ਹਰਿਆਣਾ ਦੇ ਹਨ। ਇਨ੍ਹਾਂ 'ਚ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਨ। ਇਹ ਪ੍ਰਦਰਸ਼ਨ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ.ਆਈ.) ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਖਿਲਾਫ ਕੀਤਾ ਜਾ ਰਿਹਾ ਹੈ।