
ਬੀਰਭੂਮ ਅੱਗਜ਼ਨੀ ਕਾਂਡ ਦੀ ਬੀਜੇਪੀ ਵਲੋਂ ਲਗਾਤਾਰ ਆਲੋਚਨਾ ਕੀਤੀ ਜਾ ਰਹੀ ਹੈ । ਬੀਰਭੂਮ ਅੱਗਜ਼ਨੀ ਕਾਂਡ ਤੋਂ ਬਾਅਦ ਪੈਦਾ ਹੋਏ ਸਿਆਸੀ ਵਿਵਾਦ ਦੇ ਵਿਚਕਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜਪਾਲ ਜਗਦੀਪ ਧਨਖੜ ਨੂੰ "ਏਕ ਲਾਟ ਸਾਹਬ" ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਰਾਜਪਾਲ ਲਗਾਤਾਰ ਸੂਬੇ ਵਿਰੁੱਧ ਨਾਂਹ-ਪੱਖੀ ਬਿਆਨਬਾਜ਼ੀ ਕਰ ਰਹੇ ਹਨ। ਮੁੱਖ ਮੰਤਰੀ ਬੈਨਰਜੀ ਨੇ ਬੀਰਭੂਮ ਘਟਨਾ ਨੂੰ "ਮੰਦਭਾਗਾ" ਕਰਾਰ ਦਿੱਤਾ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ "ਨਿਰਪੱਖ" ਤਰੀਕੇ ਨਾਲ ਕੰਮ ਕਰੇਗੀ।
ਤ੍ਰਿਣਮੂਲ ਕਾਂਗਰਸ ਦੇ ਨੇਤਾ ਭਾਦੂ ਸ਼ੇਖ ਦੀ ਹੱਤਿਆ ਤੋਂ ਬਾਅਦ ਭੀੜ ਵੱਲੋਂ ਕਥਿਤ ਤੌਰ ਤੇ ਘਰਾਂ ਨੂੰ ਅੱਗ ਲਾਉਣ ਤੋਂ ਬਾਅਦ ਰਾਮਪੁਰਹਾਟ ਖੇਤਰ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਮਮਤਾ ਖੁਦ ਰਾਮਪੁਰਹਾਟ ਦਾ ਦੌਰਾ ਕਰੇਗੀ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਡੇ ਸੂਬੇ ਦੇ ਲੋਕਾਂ ਦੀ ਚਿੰਤਾ ਹੈ।
ਬੈਨਰਜੀ ਨੇ ਕਿਹਾ, "ਸਰਕਾਰ ਸਾਡੀ ਹੈ, ਸਾਨੂੰ ਆਪਣੇ ਰਾਜ ਦੇ ਲੋਕਾਂ ਦੀ ਚਿੰਤਾ ਹੈ। ਅਸੀਂ ਕਦੇ ਨਹੀਂ ਚਾਹਾਂਗੇ ਕਿ ਕਿਸੇ ਨੂੰ ਦੁੱਖ ਹੋਵੇ ਅਤੇ ਅਜਿਹੀਆਂ ਘਟਨਾਵਾਂ ਹੋਣ। ਬੀਰਭੂਮ, ਰਾਮਪੁਰਹਾਟ ਘਟਨਾ ਮੰਦਭਾਗੀ ਹੈ। ਮੈਂ ਓ.ਸੀ, ਐਸਡੀਪੀਓ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਹੈ।
ਰਾਜਪਾਲ ਤੇ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, ''ਇੱਥੇ ਇਕ ਲਾਡਸਾਹਿਬ ਬੈਠਾ ਹੈ ਅਤੇ ਹਰ ਵਾਰ ਬਿਆਨ ਦੇ ਰਿਹਾ ਹੈ ਕਿ ਪੱਛਮੀ ਬੰਗਾਲ 'ਚ ਹਾਲਾਤ ਖਰਾਬ ਹਨ।'' ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਬੀਰਭੂਮ ਹਿੰਸਾ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਿਆ ਸੀ।
ਉਨ੍ਹਾਂ ਕਿਹਾ ਕਿ ਇਹ ਟਕਰਾਅ ਦੇ ਗੈਰ-ਸੰਵਿਧਾਨਕ ਸਟੈਂਡ 'ਤੇ ਮੁੜ ਵਿਚਾਰ ਕਰਨ ਦਾ ਸਮਾਂ ਹੈ ਤਾਂ ਜੋ ਲੋਕਤਾਂਤਰਿਕ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਬਹਾਲ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਦਮਨਕਾਰੀ 'ਡਰ' ਅਤੇ ਦੁੱਖਾਂ ਤੋਂ ਮੁਕਤ ਕੀਤਾ ਜਾ ਸਕੇ।
ਧਨਖੜ ਦੀ ਟਿੱਪਣੀ ਬੈਨਰਜੀ ਦੇ ਉਸ ਪੱਤਰ ਦੇ ਜਵਾਬ ਵਿੱਚ ਆਈ ਹੈ ਜਿਸ ਵਿੱਚ ਰਾਜਪਾਲ ਨੂੰ "ਅਣਉਚਿਤ ਬਿਆਨ ਦੇਣ ਤੋਂ ਗੁਰੇਜ਼ ਕਰਨ ਅਤੇ ਪ੍ਰਸ਼ਾਸਨ ਨੂੰ ਬੀਰਭੂਮ ਹਿੰਸਾ ਦੀ ਨਿਰਪੱਖ ਜਾਂਚ ਕਰਨ ਦੀ ਆਗਿਆ ਦੇਣ" ਦੀ ਅਪੀਲ ਕੀਤੀ ਗਈ ਸੀ। ਰਾਜਪਾਲ ਨੇ ਦੋਸ਼ ਲਾਇਆ ਕਿ ਬੈਨਰਜੀ ਮੁੱਦੇ ਨੂੰ ਮੋੜਨ ਦੀ ਰਣਨੀਤੀ ਅਪਣਾ ਰਹੀ ਹੈ।