2024 'ਚ ਭਾਜਪਾ ਸੱਤਾ 'ਚ ਵਾਪਸ ਨਹੀਂ ਆਵੇਗੀ : ਮਮਤਾ ਬੈਨਰਜੀ

ਭਾਜਪਾ ਨੂੰ ਚੇਤਾਵਨੀ ਦਿੰਦੇ ਹੋਏ ਮਮਤਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਮਹਾਰਾਸ਼ਟਰ ਵਾਂਗ ਬੰਗਾਲ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
2024 'ਚ ਭਾਜਪਾ ਸੱਤਾ 'ਚ ਵਾਪਸ ਨਹੀਂ ਆਵੇਗੀ : ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਆਪਣੇ ਦਮ 'ਤੇ ਬਹੁਮਤ ਨਹੀਂ ਮਿਲੇਗਾ ਅਤੇ ਹੋਰ ਪਾਰਟੀਆਂ ਇਕਜੁੱਟ ਹੋ ਕੇ ਸਰਕਾਰ ਬਣਾਉਣਗੀਆਂ।

ਕੋਲਕਾਤਾ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਲੋਕ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਕੇਂਦਰ ਦੀ ਸੱਤਾ ਤੋਂ ਬੇਦਖਲ ਕਰ ਦੇਣਗੇ। ਬੈਨਰਜੀ ਨੇ ਭਾਜਪਾ 'ਤੇ ਦੇਸ਼ ਦੀਆਂ ਸੰਸਥਾਵਾਂ ਨੂੰ ਤਬਾਹ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਕੋਈ ਭੂਮਿਕਾ ਨਹੀਂ ਸੀ, ਉਹ ਦੇਸ਼ ਦੇ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ 2024 'ਚ ਭਾਜਪਾ ਸੱਤਾ ਤੋਂ ਲਾਂਭੇ ਹੋ ਜਾਵੇਗੀ, ਉਹ ਹਾਰ ਜਾਣਗੇ। ਮੈਂ ਦ੍ਰਿੜਤਾ ਨਾਲ ਕਹਿੰਦੀ ਹਾਂ ਕਿ ਭਾਜਪਾ ਇਕੱਲੇ ਇਕੱਲੇ ਬਹੁਮਤ ਹਾਸਲ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਬਹੁਮਤ ਨਾ ਮਿਲਣ ਦੀ ਸੂਰਤ ਵਿੱਚ ਹੋਰ ਪਾਰਟੀਆਂ ਮਿਲ ਕੇ ਅਗਲੀ ਸਰਕਾਰ ਬਣਾਉਣਗੀਆਂ। ਟੀਐਮਸੀ ਸੁਪਰੀਮੋ ਨੇ ਤਾੜੀਆਂ ਦੀ ਗੂੰਜ ਵਿੱਚ ਲੋਕਾਂ ਨੂੰ ਅਪੀਲ ਕੀਤੀ, 'ਭਾਜਪਾ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਓ, 2024 ਵਿੱਚ ਜਨਤਾ ਕੀ ਸਰਕਾਰ ਲਿਆਓ'।

ਬੈਨਰਜੀ ਨੇ 25 ਕਿਲੋਗ੍ਰਾਮ ਤੋਂ ਘੱਟ ਵਜ਼ਨ ਵਾਲੇ ਅਨਾਜ, ਦਾਲਾਂ ਅਤੇ ਆਟੇ ਵਰਗੇ ਸਾਰੇ ਤਰ੍ਹਾਂ ਦੇ ਭੋਜਨ ਪਦਾਰਥਾਂ ਦੇ ਪੈਕੇਟਾਂ 'ਤੇ ਜੀਐਸਟੀ ਲਗਾਉਣ ਨੂੰ ਵੀ ਲੋਕ ਵਿਰੋਧੀ ਕਦਮ ਕਰਾਰ ਦਿੱਤਾ। ਮਮਤਾ ਬੈਨਰਜੀ ਨੇ ਕਿਹਾ, 'ਜਦੋਂ ਭਾਜਪਾ ਹਰ ਚੀਜ਼ 'ਤੇ ਜੀਐਸਟੀ ਲਗਾ ਰਹੀ ਹੈ, ਇੱਥੋਂ ਤੱਕ ਕਿ ਦੁੱਧ ਦੇ ਪਾਊਡਰ 'ਤੇ ਵੀ ਤਾਂ ਲੋਕ ਕੀ ਖਾਣਗੇ। ਇਸ ਦੇਸ਼ ਵਿਚ ਗਰੀਬ ਕਿਵੇਂ ਰਹਿਣਗੇ।

ਭਾਜਪਾ ਨੂੰ ਚੇਤਾਵਨੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਮਹਾਰਾਸ਼ਟਰ ਵਾਂਗ ਬੰਗਾਲ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਸਾਡੀ (ਬੰਗਾਲ ਦੀ) ਭਰਤੀ ਪ੍ਰਕਿਰਿਆ ਵਿੱਚ ਖਾਮੀਆਂ ਨਜ਼ਰ ਆਉਂਦੀਆਂ ਹਨ, ਪਰ ਕੇਂਦਰ ਸਰਕਾਰ ਦੇ ਵਿਭਾਗਾਂ ਵਿੱਚ ਹੋ ਰਹੀਆਂ ਭਰਤੀਆਂ ਬਾਰੇ ਕੁਝ ਕਿਉਂ ਨਹੀਂ ਕਿਹਾ ਜਾਂਦਾ।

ਇਸ ਦੌਰਾਨ, ਸੀਨੀਅਰ ਟੀਐਮਸੀ ਨੇਤਾ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਪਾਰਟੀ ਪੱਛਮੀ ਬੰਗਾਲ ਤੋਂ ਬਾਹਰ ਵਿਸਥਾਰ ਕਰਨ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਜ ਤੋਂ ਬਾਹਰ ਸੀਟਾਂ ਜਿੱਤਣ ਦੀਆਂ ਆਪਣੀਆਂ ਯੋਜਨਾਵਾਂ ਨੂੰ ਜਾਰੀ ਰੱਖੇਗੀ। ਟੀਐਮਸੀ ਦੀ ਰੈਲੀ ਇਸ ਲਈ ਵੀ ਵਿਸ਼ੇਸ਼ ਸੀ, ਕਿਉਂਕਿ ਇਹ ਪਹਿਲੀ ਵਾਰ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਅਤੇ ਪਾਰਟੀ ਦੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸੀ ਤੋਂ ਬਾਅਦ ਆਯੋਜਿਤ ਕੀਤੀ ਗਈ ਸੀ।

Related Stories

No stories found.
Punjab Today
www.punjabtoday.com