ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਾਂਗਰਸ ਛੱਡ ਭਾਜਪਾ 'ਚ ਹੋਏ ਸ਼ਾਮਲ

ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੋਂ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਮਨਪ੍ਰੀਤ ਬਾਦਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਵੱਡਾ ਝਟਕਾ ਲਗਿਆ ਹੈ।
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਾਂਗਰਸ ਛੱਡ ਭਾਜਪਾ 'ਚ ਹੋਏ ਸ਼ਾਮਲ

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿਤਾ ਹੈ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਅਸਤੀਫਾ ਭੇਜ ਦਿੱਤਾ ਹੈ।

'ਭਾਰਤ ਜੋੜੋ ਯਾਤਰਾ ਦੌਰਾਨ' ਪੰਜਾਬ ਵਿੱਚ ਕਾਂਗਰਸ ਨੂੰ ਕਰਾਰਾ ਝਟਕਾ ਲੱਗਾ ਹੈ। ਮਨਪ੍ਰੀਤ ਸਿੰਘ ਬਾਦਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਅਤੇ ਮੁੜ ਕਾਂਗਰਸ ਦੇ ਰਾਜ ਦੌਰਾਨ ਵਿੱਤ ਮੰਤਰੀ ਰਹਿ ਚੁੱਕੇ ਹਨ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਸਿਆਸਤ ਵਿੱਚ ਬਹੁਤੇ ਉਤਸ਼ਾਹੀ ਨਜ਼ਰ ਨਹੀਂ ਆਏ।

ਰਾਹੁਲ ਗਾਂਧੀ ਦੇ 'ਭਾਰਤ ਜੋੜੋ ਯਾਤਰਾ' ਦੇ ਪੰਜਾਬ ਦੌਰੇ ਦੌਰਾਨ ਮਨਪ੍ਰੀਤ ਸਿੰਘ ਬਾਦਲ ਕਿਤੇ ਨਜ਼ਰ ਨਹੀਂ ਆਏ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਮਾਲਵੇ ਦੇ ਦਿੱਗਜ ਕਾਂਗਰਸੀ ਆਗੂ ਹਨ ਅਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਨਾਲ ਉਨ੍ਹਾਂ ਦੀ ਦਰਾਰ ਸਭ ਦੇ ਸਾਹਮਣੇ ਹੈ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਦਿੱਲੀ ਪੁੱਜੇ ਅਤੇ ਅਧਿਕਾਰਤ ਤੌਰ 'ਤੇ ਭਾਜਪਾ 'ਚ ਸ਼ਾਮਲ ਹੋ ਗਏ ਹਨ।

ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ 'ਚ ਹੰਗਾਮਾ ਮਚ ਗਿਆ ਸੀ । ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਪਾਰਟੀ ਛੱਡ ਦਿੱਤੀ ਸੀ। ਇਸਦੇ ਨਾਲ ਹੀ ਇਸ ਤੋਂ ਪਹਿਲਾਂ ਦਿੱਗਜ ਨੇਤਾ ਸੁਨੀਲ ਜਾਖੜ ਵੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕੱਲ੍ਹ ਹੀ ਪੰਜਾਬ ਤੋਂ ਹਿਮਾਚਲ ਪਹੁੰਚੀ ਹੈ।

ਇਸ ਦੌਰਾਨ ਰਾਹੁਲ ਦੇ ਦੌਰੇ 'ਤੇ ਆਉਂਦੇ ਹੀ ਮਨਪ੍ਰੀਤ ਬਾਦਲ ਦੇ ਅਸਤੀਫੇ ਨੇ ਕਾਂਗਰਸ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੂੰ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਗਿਆ ਹੈ। ਫਿਰ ਵੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੋਂ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਅੰਗਰੇਜ਼ੀ ਵਿੱਚ ਲਿਖੇ ਦੋ ਪੰਨਿਆਂ ਦੇ ਅਸਤੀਫ਼ੇ ਦੇ ਪੱਤਰ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੀ ਮੌਜੂਦਾ ਲੀਡਰਸ਼ਿਪ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਛੱਡ ਕੇ ਪੀਪੀਪੀ ਵਿੱਚ ਸ਼ਾਮਲ ਹੋਏ ਅਤੇ ਬਾਅਦ 'ਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ, ਜਿਸਦਾ ਜ਼ਿਕਰ ਉਨ੍ਹਾਂ ਨੇ ਹੁਣ ਆਪਣੇ ਅਸਤੀਫ਼ੇ ਵਿੱਚ ਵੀ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਵਰਗੇ ਦਿੱਗਜ ਆਗੂ ਤੋਂ ਬਾਅਦ ਹੁਣ ਇੱਕ ਹੋਰ ਵੱਡੇ ਕਾਂਗਰਸੀ ਆਗੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਵੱਡਾ ਝਟਕਾ ਲਗਿਆ ਹੈ।

Related Stories

No stories found.
logo
Punjab Today
www.punjabtoday.com