ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਅਤੇ ਵਿਰੋਧੀ ਪਾਰਟੀਆਂ ਦੇ ਕਈ ਹੋਰ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ। ਇਸ 'ਚ ਸੰਸਦ ਦੇ ਮੌਜੂਦਾ ਵਿੰਟਰ ਸੈਸ਼ਨ 'ਚ ਵਿਰੋਧੀ ਧਿਰ ਦੀ ਸਾਂਝੀ ਰਣਨੀਤੀ 'ਤੇ ਚਰਚਾ ਕੀਤੀ ਗਈ।ਹਾਲਾਂਕਿ ਤ੍ਰਿਣਮੂਲ ਕਾਂਗਰਸ ਮੀਟਿੰਗ ਤੋਂ ਗੈਰਹਾਜ਼ਰ ਰਹੀ।
ਇਹ ਮੁਲਾਕਾਤ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਆਪਣੀ ਮੁੰਬਈ ਫੇਰੀ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਯੂ.ਪੀ.ਏ. ਨਹੀਂ ਹੈ ਅਤੇ ਹੁਣ ਮਮਤਾ ਦੀ ਪਾਰਟੀ ਤੋਂ ਬਿਨਾਂ ਸੋਨੀਆ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਦੇ ਵੱਡੇ ਨੇਤਾਵਾਂ ਦੀ ਮੀਟਿੰਗ ਵੀ ਦੇਖੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਦੀ ਰਿਹਾਇਸ਼ 10, ਜਨਪਥ 'ਤੇ ਹੋਈ ਬੈਠਕ 'ਚ ਪਵਾਰ ਦੇ ਨਾਲ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, ਸ਼ਿਵ ਸੈਨਾ ਨੇਤਾ ਸੰਜੇ ਰਾਊਤ ਅਤੇ ਡੀਐੱਮਕੇ ਨੇਤਾ ਟੀਆਰ ਬਾਲੂ ਵੀ ਸ਼ਾਮਲ ਹੋਏ ਸਨ।
ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਮੀਟਿੰਗਾਂ ਕੀਤੀਆਂ ਜਾਣਗੀਆਂ,ਤਾਂ ਜੋ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕਜੁੱਟ ਕੀਤਾ ਜਾ ਸਕੇ। ਇਸ ਬੈਠਕ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਵੀ ਮੌਜੂਦ ਸਨ। ਸੂਤਰਾਂ ਨੇ ਦੱਸਿਆ ਕਿ ਬੈਠਕ 'ਚ ਤ੍ਰਿਣਮੂਲ ਕਾਂਗਰਸ ਤੋਂ ਇਲਾਵਾ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਦੇ ਮੈਂਬਰ ਮੌਜੂਦ ਸਨ।
ਤ੍ਰਿਣਮੂਲ ਕਾਂਗਰਸ ਨੂੰ ਮੀਟਿੰਗ ਲਈ ਨਹੀਂ ਬੁਲਾਇਆ ਗਿਆ ਸੀ, ਜਦੋਂ ਕਿ ਪਾਰਟੀ ਦੇ ਰਾਜ ਸਭਾ ਮੈਂਬਰ ਡੋਲੀ ਸਿੰਘ ਨੇ ਮੁਅੱਤਲੀ ਦੇ ਵਿਰੋਧ ਵਿੱਚ ਦਿਨ ਪਹਿਲਾਂ ਸੰਸਦ ਭਵਨ ਕੰਪਲੈਕਸ ਤੋਂ ਵਿਜੇ ਚੌਕ ਤੱਕ ਵਿਰੋਧੀ ਪਾਰਟੀਆਂ ਦੇ ਮਾਰਚ ਵਿੱਚ ਹਿੱਸਾ ਲਿਆ ਸੀ ।ਸੂਤਰਾਂ ਨੇ ਦੱਸਿਆ ਕਿ ਬੈਠਕ 'ਚ ਸਾਰੇ ਮੈਂਬਰ ਇਸ ਗੱਲ 'ਤੇ ਸਹਿਮਤ ਹੋਏ ਕਿ ਮੁਅੱਤਲ ਕੀਤੇ ਗਏ ਮੈਂਬਰ ਮੁਆਫੀ ਨਹੀਂ ਮੰਗਣਗੇ। ਉਨ੍ਹਾਂ ਕਿਹਾ ਕਿ ਜਦੋਂ ਕੋਈ ਗਲਤ ਕੰਮ ਹੀ ਨਹੀਂ ਹੋਇਆ ਤਾਂ ਫਿਰ ਉਹ ਕਿਸ ਦੀ ਮਾਫੀ ਮੰਗਣਗੇ। ਕਈ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਗਲਤ ਕਦਮ ਚੁੱਕਿਆ ਹੈ, ਇਸ ਲਈ ਮੁਆਫੀ ਸਰਕਾਰ ਨੂੰ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸੈਸ਼ਨ ਵਿੱਚ ਕੀਤੇ ਗਏ ਵਿਵਹਾਰ ਲਈ ਇਸ ਸੈਸ਼ਨ ਵਿੱਚ ਮੈਂਬਰਾਂ ਨੂੰ ਮੁਅੱਤਲ ਕਰਨਾ ਗਲਤ ਹੈ।ਸੂਤਰਾਂ ਮੁਤਾਬਕ ਸੋਨੀਆ ਗਾਂਧੀ ਨੇ ਇਸ ਮੁਲਾਕਾਤ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੂੰ ਸੱਦਾ ਦਿੱਤਾ ਸੀ। ਇਨ੍ਹਾਂ ਦੋਹਾਂ ਆਗੂਆਂ ਨੇ ਰਾਉਤ ਅਤੇ ਬਾਲੂ ਨੂੰ ਮੀਟਿੰਗ ਲਈ ਭੇਜਿਆ।ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਹੋਈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਨੇ ਕਿਹਾ ਕਿ ਦੇਸ਼ ਸੰਕਟ 'ਚ ਹੈ।
ਮੀਟਿੰਗ ਵਿੱਚ ਇਸ ਸੰਕਟ ਨਾਲ ਨਜਿੱਠਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਇੱਕਜੁੱਟ ਹੋ ਕੇ ਆਪਣੀ ਲੜਾਈ ਲੜਨਗੀਆਂ ਅਤੇ ਦੇਸ਼ ਨੂੰ ਸੰਕਟ ਵਿੱਚੋਂ ਬਾਹਰ ਕੱਢਣਗੀਆਂ। ਜਦੋਂ ਅਬਦੁੱਲਾ ਤੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਟਿੱਪਣੀ ਬਾਰੇ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਵਿਚ ਰਹਿਣਾ ਚਾਹੀਦਾ ਹੈ ਤਾਂ ਨੈਸ਼ਨਲ ਕਾਨਫਰੰਸ ਦੇ ਨੇਤਾ ਨੇ ਕਿਹਾ ਕਿ ਜੋਸ਼ੀ ਨੂੰ ਪਾਕਿਸਤਾਨ ਜਾਣਾ ਚਾਹੀਦਾ ਹੈ।