ਲੋਕ ਸਭਾ 2024 ਚੋਣਾਂ ਨੂੰ ਲੈ ਕੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿਤੀ ਹੈ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਖ਼ਤ ਟੱਕਰ ਦੇਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕਜੁੱਟ ਹੋਣਾ ਪਵੇਗਾ। ਹਾਲਾਂਕਿ, ਉਨ੍ਹਾਂ ਨੇ ਅਜਿਹਾ ਗਠਜੋੜ ਹੋਣ ਦੀ ਸੰਭਾਵਨਾ 'ਤੇ ਸ਼ੱਕ ਜ਼ਾਹਰ ਕੀਤਾ ਹੈ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੇ ਨਾਲ ਇੱਕ ਵਿਸ਼ਾਲ ਵਿਰੋਧੀ ਗਠਜੋੜ ਬਣਾਉਣਾ ਹੋਵੇਗਾ, ਪਰ ਭਾਜਪਾ ਵਿਰੋਧੀ ਕੈਂਪ ਨੂੰ ਵੰਡ ਰਹੀ ਹੈ ਤਾਂ ਜੋ ਅਜਿਹਾ ਨਾ ਹੋਵੇ। ਉਨ੍ਹਾਂ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਦੇ ਸਟੈਂਡ 'ਤੇ ਵੀ ਸਵਾਲ ਚੁੱਕੇ।
ਮਹਿਬੂਬਾ ਮੁਫਤੀ ਨੇ ਕਿਹਾ, "ਜਦੋਂ ਤੱਕ ਵਿਰੋਧੀ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ, ਮੈਨੂੰ ਨਹੀਂ ਲੱਗਦਾ ਕਿ ਭਾਜਪਾ ਨੂੰ ਸਖਤ ਟੱਕਰ ਦਿੱਤੀ ਜਾ ਸਕਦੀ ਹੈ। ਕੀ ਉਹ ਇਸ ਸਥਿਤੀ ਵਿੱਚ ਇਕੱਠੇ ਹੋ ਸਕਦੇ ਹਨ, ਜਦੋਂ ਈਡੀ, ਐਨਆਈਏ ਅਤੇ ਹੋਰ ਏਜੰਸੀਆਂ ਨੇ ਉਨ੍ਹਾਂ 'ਤੇ ਸ਼ਿਕੰਜਾ ਕੱਸਿਆ ਹੈ। ਅਖਿਲੇਸ਼ ਯਾਦਵ ਅਤੇ ਮਾਇਆਵਤੀ ਨੂੰ ਦੇਖੋ, ਉਹ ਕੁਝ ਨਹੀਂ ਕਹਿ ਰਹੇ ਹਨ, ਸਾਰੇ ਚੁੱਪ ਕਿਉਂ ਹਨ।
ਉਨ੍ਹਾਂ ਕਿਹਾ ਕਿ ਇੰਨਾ ਵੱਡਾ ਫਤਵਾ ਲੈ ਕੇ ਆਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਡੇ-ਵੱਡੇ ਕੰਮ ਕਰ ਸਕਦੀ ਸੀ, ਪਰ ਅਫਸੋਸ ਹੈ ਕਿ ਉਨ੍ਹਾਂ ਕੋਲ ਦੇਸ਼ ਲਈ ਕੋਈ ਵਿਚਾਰ ਨਹੀਂ ਹੈ। ਪੀਡੀਪੀ ਪ੍ਰਧਾਨ ਨੇ ਕਿਹਾ, "ਸਿਰਫ਼ ਗੱਲ ਇਹ ਹੈ ਕਿ ਉਹ ਦੇਸ਼ ਨੂੰ 'ਮਾਫ਼ੀਆ' ਵਾਂਗ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਤੁਸੀਂ ਆਪਣੇ ਤਰੀਕੇ ਨਾਲ ਕੰਮ ਨਹੀਂ ਕਰਵਾ ਸਕਦੇ ਤਾਂ ਤੁਸੀਂ ਹਰ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹੋ।"
ਮਹਿਬੂਬਾ ਮੁਫ਼ਤੀ ਨੇ ਕਿਹਾ, "ਹੁਣ ਗੱਲ ਸਿਰਫ਼ ਮੁਸਲਮਾਨਾਂ ਦੀ ਨਹੀਂ ਹੈ।'' ਇਸ ਸਮੇਂ ਜਿਨ੍ਹਾਂ ਨੂੰ ਜੇਲ੍ਹ ਵਿੱਚ ਡੱਕਿਆ ਜਾ ਰਿਹਾ ਹੈ, ਉਹ ਮੁਸਲਮਾਨ ਨਹੀਂ ਹਨ। ਮਨੀਸ਼ ਸਿਸੋਦੀਆ ਮੁਸਲਮਾਨ ਨਹੀਂ ਹਨ, ਸ਼ਰਦ ਪਵਾਰ ਦੇ ਲੋਕ ਜੇਲ੍ਹ ਵਿੱਚ ਹਨ, ਸੰਜੇ ਰਾਉਤ ਜੇਲ੍ਹ ਵਿੱਚ ਹਨ। ਮਹਿਬੂਬਾ ਨੇ ਕਿਹਾ, "ਇਸ ਲਈ, ਹੁਣ ਇਹ ਸਿਰਫ਼ ਮੁਸਲਮਾਨਾਂ ਦੀ ਗੱਲ ਨਹੀਂ ਹੈ, ਹਾਂ ਪਰ ਪਹਿਲਾ ਨਿਸ਼ਾਨਾ ਮੁਸਲਮਾਨ ਹਨ। ਹੁਣ ਇਹ 'ਭਾਜਪਾ ਬਨਾਮ 'ਸਾਰੇ' ਹੋਣ ਜਾ ਰਿਹਾ ਹੈ। ਜੋ ਵੀ ਉਨ੍ਹਾਂ ਦਾ ਵਿਰੋਧ ਕਰਦਾ ਹੈ, ਉਨ੍ਹਾਂ ਨਾਲ ਅਸਹਿਮਤ ਹੋਣ ਦੀ ਕੋਸ਼ਿਸ਼ ਕਰਦਾ ਹੈ, ਉਸੇ 'ਤੇ ਕਾਰਵਾਈ ਕੀਤੀ ਜਾਂਦੀ ਹੈ।'