ਭਾਗਵਤ ਨੇ ਰਾਹੁਲ ਦਾ ਨਾਂ ਲਏ ਬਿਨਾਂ ਕਿਹਾ ਦੇਸ਼ ਨੂੰ ਵਿਦੇਸ਼ 'ਚ ਬਦਨਾਮ ਨਾ ਕਰ

ਸੰਘ ਮੁਖੀ ਮੋਹਨ ਭਾਗਵਤ ਨੇ ਨਵੇਂ ਸੰਸਦ ਭਵਨ ਦੀ ਤਾਰੀਫ ਕੀਤੀ ਅਤੇ ਇਸਦੇ ਨਾਲ ਹੀ ਅਮਰੀਕਾ ਜਾ ਕੇ ਭਾਰਤ ਸਰਕਾਰ ਅਤੇ ਭਾਜਪਾ 'ਤੇ ਹਮਲੇ ਕਰਨ ਵਾਲੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵੀ ਸਾਧਿਆ।
ਭਾਗਵਤ ਨੇ ਰਾਹੁਲ ਦਾ ਨਾਂ ਲਏ ਬਿਨਾਂ ਕਿਹਾ ਦੇਸ਼ ਨੂੰ ਵਿਦੇਸ਼ 'ਚ ਬਦਨਾਮ ਨਾ ਕਰ

RSS ਮੁਖੀ ਮੋਹਨ ਭਾਗਵਤ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਵੀਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਨਿਸ਼ਾਨਾ ਸਾਧਿਆ। ਮਹਾਰਾਸ਼ਟਰ ਦੇ ਨਾਗਪੁਰ 'ਚ ਮੋਹਨ ਭਾਗਵਤ ਨੇ ਦੇਸ਼ 'ਚ ਏਕਤਾ ਅਤੇ ਅਨੁਸ਼ਾਸਨ ਬਣਾਏ ਰੱਖਣ ਦੀ ਅਪੀਲ ਕੀਤੀ।

ਭਾਗਵਤ ਨੇ ਕਿਹਾ ਕਿ ਸਰਹੱਦਾਂ 'ਤੇ ਮਾੜੀ ਨਜ਼ਰ ਰੱਖਣ ਵਾਲੇ ਦੁਸ਼ਮਣਾਂ ਨੂੰ ਤਾਕਤ ਦਿਖਾਉਣ ਦੀ ਬਜਾਏ ਅਸੀਂ ਆਪਸ 'ਚ ਲੜ ਰਹੇ ਹਾਂ। ਆਰਐਸਐਸ ਮੁਖੀ ਨੇ ਕਿਹਾ ਕਿ ਸਾਰਿਆਂ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਯਤਨ ਕਰਨੇ ਚਾਹੀਦੇ ਹਨ। ਮੁਸਲਮਾਨਾਂ ਨੂੰ ਅਪੀਲ ਕਰਦਿਆਂ ਭਾਗਵਤ ਨੇ ਕਿਹਾ ਕਿ ਜਦੋਂ ਇਸਲਾਮ ਨੇ ਦੁਨੀਆ 'ਤੇ ਹਮਲਾ ਕੀਤਾ ਤਾਂ ਇਹ ਸਪੇਨ ਤੋਂ ਮੰਗੋਲੀਆ ਤੱਕ ਫੈਲਿਆ, ਪਰ ਸਮੇਂ ਦੇ ਬੀਤਣ ਨਾਲ ਇਹ ਸੁੰਗੜਦਾ ਗਿਆ। ਉਨ੍ਹਾਂ ਕਿਹਾ ਕਿ ਅੱਜ ਭਾਰਤ ਹੀ ਅਜਿਹਾ ਸਥਾਨ ਹੈ ਜਿੱਥੇ ਇਸਲਾਮ ਦੀ ਸਭ ਤੋਂ ਸੁਰੱਖਿਅਤ ਤਰੀਕੇ ਨਾਲ ਪੂਜਾ ਕੀਤੀ ਜਾਂਦੀ ਹੈ।

ਸੰਘ ਦੇ ਸਿਖਲਾਈ ਵਿੰਗ ਦੀ ਸਮਾਪਤੀ 'ਤੇ ਆਪਣੇ ਸੰਬੋਧਨ 'ਚ ਭਾਗਵਤ ਨੇ ਦੇਸ਼ ਦੇ ਹਰ ਮੁੱਦੇ 'ਤੇ ਗੱਲ ਕੀਤੀ। ਉਨ੍ਹਾਂ ਦੇਸ਼ ਭਗਤੀ 'ਤੇ ਬੋਲਦਿਆਂ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸਾਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ ਹੈ ਅਤੇ ਇਸੇ ਅਨੁਸ਼ਾਸਨ ਨੂੰ ਦੇਸ਼ ਭਗਤੀ ਕਿਹਾ ਜਾਂਦਾ ਹੈ। ਸੰਘ ਮੁਖੀ ਨੇ ਨਵੇਂ ਸੰਸਦ ਭਵਨ ਦੀ ਤਾਰੀਫ ਕੀਤੀ ਅਤੇ ਇਸ ਦੇ ਨਾਲ ਹੀ ਅਮਰੀਕਾ ਜਾ ਕੇ ਭਾਰਤ ਸਰਕਾਰ ਅਤੇ ਭਾਜਪਾ 'ਤੇ ਹਮਲੇ ਕਰਨ ਵਾਲੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ।

ਰਾਹੁਲ ਨੇ ਦੇਸ਼ ਦੀ ਸੰਸਦ ਅਤੇ ਸੰਵਿਧਾਨਕ ਸੰਸਥਾਵਾਂ 'ਤੇ ਸਵਾਲ ਖੜ੍ਹੇ ਕੀਤੇ ਤਾਂ ਭਾਗਵਤ ਨੇ ਬਿਨਾਂ ਨਾਂ ਲਏ ਉਨ੍ਹਾਂ ਨੂੰ ਵਿਦੇਸ਼ ਜਾ ਕੇ ਦੇਸ਼ ਨੂੰ ਬਦਨਾਮ ਨਾ ਕਰਨ ਦੀ ਸਲਾਹ ਦਿੱਤੀ। ਭਾਗਵਤ ਨੇ ਕਿਹਾ ਕਿ ਦੇਸ਼ ਤੋਂ ਬਾਹਰ ਜਾ ਕੇ ਭਾਰਤ ਨੂੰ ਜ਼ਲੀਲ ਕਰਨ ਵਾਲੇ ਦੁਸ਼ਮਣ ਹਨ। ਦੱਸ ਦੇਈਏ ਕਿ ਰਾਹੁਲ ਇਸ ਸਮੇਂ ਅਮਰੀਕਾ 'ਚ ਹਨ ਅਤੇ ਆਪਣੇ ਸੰਬੋਧਨ 'ਚ ਉਹ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਨ ਦੇ ਨਾਲ-ਨਾਲ ਦੇਸ਼ ਦੀਆਂ ਸੰਸਥਾਵਾਂ 'ਤੇ ਵਿਵਾਦਿਤ ਬਿਆਨ ਦੇ ਰਹੇ ਹਨ। ਜੀ-20 ਸੰਮੇਲਨ ਦੀ ਭਾਰਤ ਦੀ ਪ੍ਰਧਾਨਗੀ ਦੀ ਪ੍ਰਸ਼ੰਸਾ ਕਰਦੇ ਹੋਏ ਭਾਗਵਤ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਵਾਦ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਭਾਵਨਾਤਮਕ ਅਖੰਡਤਾ 'ਤੇ ਜ਼ੋਰ ਦਿੱਤਾ ਹੈ।

Related Stories

No stories found.
logo
Punjab Today
www.punjabtoday.com