ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਨਾਗਰਿਕਾਂ ਵੱਲੋਂ ਵਿਦੇਸ਼ੀ ਨਾਗਰਿਕਤਾ ਲੈਣ ਦਾ ਰੁਝਾਨ ਬਹੁਤ ਵੱਧ ਗਿਆ ਹੈ। ਚੰਗੀ ਸਿੱਖਿਆ ਪ੍ਰਣਾਲੀ ਅਤੇ ਬਿਹਤਰ ਨੌਕਰੀ ਦੀ ਭਾਲ ਵਿਚ ਵਿਦੇਸ਼ਾਂ ਵਿਚ ਜਾਣ ਵਾਲੇ ਜ਼ਿਆਦਾਤਰ ਲੋਕਾਂ ਨੇ ਹੁਣ ਉਥੋਂ ਦੀ ਨਾਗਰਿਕਤਾ ਲੈਣੀ ਸ਼ੁਰੂ ਕਰ ਦਿੱਤੀ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਹਰ ਸਾਲ ਲਗਭਗ 1 ਲੱਖ ਲੋਕ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੀ ਨਾਗਰਿਕਤਾ ਲੈ ਰਹੇ ਹਨ। ਅਜੇ ਕੁਝ ਮਹੀਨੇ ਪਹਿਲਾਂ ਹੀ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ੀ ਨਾਗਰਿਕਤਾ ਲੈਣ ਵਾਲੇ ਭਾਰਤੀ ਲੋਕਾਂ ਨਾਲ ਸਬੰਧਤ ਅੰਕੜੇ ਪੇਸ਼ ਕੀਤੇ ਸਨ, ਜੋ ਸੱਚਮੁੱਚ ਹੈਰਾਨ ਕਰਨ ਵਾਲੇ ਸਨ।
ਸਾਲ 2015 'ਚ ਜਿੱਥੇ 1,41,000 ਲੋਕਾਂ ਨੇ ਵਿਦੇਸ਼ੀ ਨਾਗਰਿਕਤਾ ਲਈ, ਉੱਥੇ ਹੀ 2016 'ਚ ਇਹ ਗਿਣਤੀ 144,000 ਤੋਂ ਪਾਰ ਹੋ ਗਈ। ਇਹ ਸੰਖਿਆ ਸਾਲ 2019 ਤੱਕ ਲਗਾਤਾਰ ਵਧਦੀ ਰਹੀ। ਹਾਲਾਂਕਿ 2020 'ਚ ਕੋਰੋਨਾ ਕਾਰਨ ਇਹ ਅੰਕੜਾ ਥੋੜ੍ਹਾ ਘੱਟ ਕੇ 88 ਹਜ਼ਾਰ ਦੇ ਕਰੀਬ ਆ ਗਿਆ, ਪਰ 2021 ਤੋਂ ਇਹ ਅੰਕੜਾ ਫਿਰ 100000 ਦੇ ਨੇੜੇ ਚਲਾ ਗਿਆ। ਯਾਨੀ ਹਰ ਰੋਜ਼ 350 ਤੋਂ ਵੱਧ ਭਾਰਤੀ ਵਿਦੇਸ਼ੀ ਨਾਗਰਿਕਤਾ ਹਾਸਲ ਕਰ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਬਿਹਤਰ ਸਿੱਖਿਆ, ਚੰਗੇ ਕਰੀਅਰ ਦੀ ਗਾਰੰਟੀ ਅਤੇ ਆਰਥਿਕ ਖੁਸ਼ਹਾਲੀ ਦੀ ਭਾਲ ਵਿਚ ਭਾਰਤੀ ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ ਉਥੋਂ ਦੀ ਨਾਗਰਿਕਤਾ ਲੈ ਕੇ ਉਥੇ ਜਾ ਕੇ ਵਸ ਰਹੇ ਹਨ। ਕਈ ਖੋਜ ਪੱਤਰਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਨੌਕਰੀਆਂ ਦਾ ਖੁੱਸਣਾ, ਚੰਗੀ ਸਿੱਖਿਆ ਪ੍ਰਣਾਲੀ ਦੀ ਘਾਟ ਅਤੇ ਛੋਟੇ ਅਤੇ ਵੱਡੇ ਕਾਰੋਬਾਰੀਆਂ ਲਈ ਕਾਰੋਬਾਰੀ ਮਾਹੌਲ ਦੀ ਘਾਟ ਪਰਵਾਸ ਦੇ ਸਭ ਤੋਂ ਵੱਡੇ ਕਾਰਨ ਹਨ।
2017 ਅਤੇ 2021 ਦੇ ਵਿਚਕਾਰ, ਅਮਰੀਕਾ 42% ਭਾਰਤੀ ਆਬਾਦੀ ਦੇ ਨਾਲ ਪਹਿਲੀ ਪਸੰਦ ਬਣਿਆ ਹੋਇਆ ਹੈ। ਦੂਜੇ ਪਾਸੇ ਕੈਨੇਡਾ ਦੂਜੇ ਨੰਬਰ 'ਤੇ ਹੈ ਜਿੱਥੇ ਪਿਛਲੇ 5 ਸਾਲਾਂ 'ਚ 91,000 ਭਾਰਤੀ ਨਾਗਰਿਕਤਾ ਹਾਸਲ ਕਰ ਚੁੱਕੇ ਹਨ। ਆਸਟ੍ਰੇਲੀਆ 86,000 ਲੋਕਾਂ ਨਾਲ ਤੀਜੇ ਸਥਾਨ 'ਤੇ, 66,000 ਲੋਕਾਂ ਨਾਲ ਇੰਗਲੈਂਡ ਅਤੇ 23,000 ਲੋਕਾਂ ਨਾਲ ਇਟਲੀ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਹੈ। ਭਾਰਤੀ ਲੋਕਾਂ 'ਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ।