
ਮੁਕੇਸ਼ ਅੰਬਾਨੀ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿਚ ਕੀਤੀ ਜਾਂਦੀ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਹਾਲ ਹੀ ਵਿੱਚ ਆਪਣੀ ਕੰਪਨੀ ਵਿੱਚ 43 ਸਾਲਾਂ ਤੋਂ ਕੰਮ ਕਰ ਰਹੇ ਇੱਕ ਕਰਮਚਾਰੀ ਲਈ 1500 ਕਰੋੜ ਰੁਪਏ ਦਾ ਘਰ ਖਰੀਦਿਆ ਹੈ। ਇਹ ਕਰਮਚਾਰੀ ਮਨੋਜ ਮੋਦੀ ਹੈ, ਜਿਸ ਨੂੰ ਨਾ ਸਿਰਫ ਮੁਕੇਸ਼ ਅੰਬਾਨੀ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ, ਸਗੋਂ ਉਹ ਉਨ੍ਹਾਂ ਦਾ ਕਰੀਬੀ ਦੋਸਤ ਅਤੇ ਸਹਿਪਾਠੀ ਵੀ ਹੈ। ਦੋਵਾਂ ਨੇ ਮੁੰਬਈ ਦੀ ਯੂਨੀਵਰਸਿਟੀ ਡਿਪਾਰਟਮੈਂਟ ਆਫ ਕੈਮੀਕਲ ਟੈਕਨਾਲੋਜੀ ਵਿੱਚ ਇਕੱਠੇ ਪੜਾਈ ਕੀਤੀ ਸੀ।
ਜਦੋਂ ਮੁਕੇਸ਼ ਅੰਬਾਨੀ ਰਿਲਾਇੰਸ ਵਿੱਚ ਕੰਮ ਕਰਨ ਲੱਗੇ ਤਾਂ ਉਨ੍ਹਾਂ ਨੇ ਮਨੋਜ ਨੂੰ ਵੀ ਆਪਣੇ ਨਾਲ ਬੁਲਾਇਆ। ਮਨੋਜ ਮੋਦੀ 1980 ਤੋਂ ਰਿਲਾਇੰਸ ਇੰਡਸਟਰੀਜ਼ ਵਿੱਚ ਕੰਮ ਕਰ ਰਹੇ ਹਨ। ਮੁਕੇਸ਼ ਅੰਬਾਨੀ ਵੱਡੇ ਕਾਰੋਬਾਰੀ ਫੈਸਲੇ ਲੈਣ ਲਈ ਮਨੋਜ ਮੋਦੀ 'ਤੇ ਸਭ ਤੋਂ ਵੱਧ ਭਰੋਸਾ ਕਰਦੇ ਹਨ। ਅੰਬਾਨੀ ਪਰਿਵਾਰ ਵਿੱਚ ਮਨੋਜ ਮੋਦੀ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਹ ਅੰਬਾਨੀ ਪਰਿਵਾਰ ਦੇ ਬੱਚਿਆਂ ਲਈ ਸਲਾਹਕਾਰ ਵਜੋਂ ਕੰਮ ਕਰਦੇ ਹਨ। 2016 'ਚ ਮਨੋਜ ਮੋਦੀ ਦੀ ਬੇਟੀ ਦਾ ਵਿਆਹ ਮੁੰਬਈ 'ਚ ਮੁਕੇਸ਼ ਅੰਬਾਨੀ ਦੇ ਘਰ ਹੋਇਆ ਸੀ।
2007 ਵਿੱਚ ਰਿਲਾਇੰਸ ਰਿਟੇਲ ਦੇ ਸੀਈਓ ਬਣੇ ਮਨੋਜ ਮੋਦੀ ਨੇ ਅੰਬਾਨੀ ਪਰਿਵਾਰ ਦੀਆਂ ਤਿੰਨੋਂ ਪੀੜ੍ਹੀਆਂ ਨਾਲ ਕੰਮ ਕੀਤਾ ਹੈ। ਪ੍ਰਾਪਰਟੀ ਵੈੱਬਸਾਈਟ ਮੈਜਿਕ ਬ੍ਰਿਕਸ ਦੀ ਰਿਪੋਰਟ ਮੁਤਾਬਕ ਮਨੋਜ ਨੂੰ ਤੋਹਫੇ ਵਜੋਂ ਮਿਲੇ ਘਰ ਦਾ ਨਾਂ 'ਵਰਿੰਦਾਵਨ' ਹੈ। 1500 ਕਰੋੜ ਰੁਪਏ ਦਾ ਇਹ ਘਰ ਨੇਪੀਅਨ-ਸੀ ਰੋਡ 'ਤੇ ਬਣਿਆ ਹੈ ਅਤੇ ਇਹ ਇਲਾਕਾ ਮੁੰਬਈ ਦੇ ਸਭ ਤੋਂ ਪੌਸ਼ ਇਲਾਕਿਆਂ 'ਚੋਂ ਇਕ ਹੈ। 22 ਮੰਜ਼ਿਲਾ ਇਮਾਰਤ 1.7 ਲੱਖ ਵਰਗ ਫੁੱਟ ਦੇ ਖੇਤਰ ਵਿਚ ਬਣੀ ਹੈ ਅਤੇ ਹਰ ਮੰਜ਼ਿਲ 8000 ਵਰਗ ਫੁੱਟ ਵਿਚ ਫੈਲੀ ਹੋਈ ਹੈ। ਘਰ ਦੇ ਡਿਜ਼ਾਈਨਰ Talati & Partners LLP ਹਨ।
ਇਮਾਰਤ ਦੀਆਂ 7 ਮੰਜ਼ਿਲਾਂ ਸਿਰਫ ਕਾਰ ਪਾਰਕਿੰਗ ਲਈ ਰਾਖਵੀਆਂ ਹਨ। ਘਰ ਦੇ 3 ਪਾਸਿਆਂ ਤੋਂ ਸਮੁੰਦਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਘਰ ਦਾ ਫਰਨੀਚਰ ਵੀ ਬਹੁਤ ਖਾਸ ਹੈ, ਜਿਸ ਨੂੰ ਇਟਲੀ ਤੋਂ ਇੰਪੋਰਟ ਕੀਤਾ ਗਿਆ ਹੈ। ਇਸ ਸਮੇਂ ਮਨੋਜ ਮੋਦੀ ਰਿਲਾਇੰਸ ਜੀਓ ਅਤੇ ਰਿਲਾਇੰਸ ਰਿਟੇਲ ਦੇ ਡਾਇਰੈਕਟਰ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ।
ਮਨੋਜ ਨੇ ਅੰਬਾਨੀ ਪਰਿਵਾਰ ਦੀਆਂ ਤਿੰਨੋਂ ਪੀੜ੍ਹੀਆਂ ਨਾਲ ਕੰਮ ਕੀਤਾ ਹੈ। ਉਸਨੇ ਧੀਰੂਭਾਈ ਅੰਬਾਨੀ ਦੀ ਅਗਵਾਈ ਵਿੱਚ ਰਿਲਾਇੰਸ ਵਿੱਚ ਕੰਮ ਸ਼ੁਰੂ ਕੀਤਾ। ਫਿਰ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪੁੱਤਰ-ਧੀਆਂ ਈਸ਼ਾ-ਆਕਾਸ਼-ਅਨੰਤ ਅੰਬਾਨੀ ਨਾਲ ਵੀ ਕੰਮ ਕੀਤਾ। ਮਨੋਜ ਨੂੰ ਕੰਪਨੀ ਵਿੱਚ ਮਾਸਟਰ ਮਾਈਂਡ ਕਿਹਾ ਜਾਂਦਾ ਹੈ। ਮਨੋਜ ਮੋਦੀ ਨੇ ਮੁਕੇਸ਼ ਅੰਬਾਨੀ ਦੇ ਹਜ਼ੀਰਾ ਪੈਟਰੋ ਕੈਮੀਕਲ, ਜਾਮਨਗਰ ਰਿਫਾਇਨਰੀ, ਟੈਲੀਕਾਮ ਕਾਰੋਬਾਰ ਅਤੇ ਰਿਲਾਇੰਸ ਰਿਟੇਲ ਵਰਗੇ ਵੱਡੇ ਪ੍ਰੋਜੈਕਟਾਂ ਨੂੰ ਸੰਭਾਲਿਆ ਹੈ। ਮਨੋਜ ਮੋਦੀ ਨੇ ਜਾਮਨਗਰ ਰਿਫਾਇਨਰੀ 'ਚ ਕੰਮ ਕਰਦੇ ਸਮੇਂ ਠੇਕੇਦਾਰਾਂ ਅਤੇ ਕਾਰੋਬਾਰੀਆਂ ਵਿਚਾਲੇ ਜ਼ਬਰਦਸਤ ਡੀਲ ਕੀਤੀ ਸੀ।