ਰਾਜੀਵ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੇ ਕਿਹਾ ਪ੍ਰਿਅੰਕਾ ਗਾਂਧੀ ਮਹਾਨ ਨੇਤਾ ਹੈ ਅਤੇ ਮੈਂ ਉਨ੍ਹਾਂ ਦਾ ਇਹਸਾਨ ਕਦੇ ਨਹੀਂ ਭੁੱਲ ਸਕਦੀ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਰਾਜੀਵ ਗਾਂਧੀ ਹੱਤਿਆ ਕਾਂਡ ਦੇ 6 ਦੋਸ਼ੀਆਂ ਨੂੰ ਸ਼ਨੀਵਾਰ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਵਿੱਚ ਸਭ ਤੋਂ ਮਸ਼ਹੂਰ ਨਾਮ ਨਲਿਨੀ ਦਾ ਹੈ।
ਨਲਿਨੀ ਨੇ ਐਤਵਾਰ ਨੂੰ ਦੱਸਿਆ ਕਿ ਰਾਜੀਵ ਗਾਂਧੀ ਦੀ ਬੇਟੀ ਪ੍ਰਿਅੰਕਾ 2008 'ਚ ਵੇਲੋਰ ਸੈਂਟਰਲ ਜੇਲ 'ਚ ਮੈਨੂੰ ਮਿਲਣ ਆਈ ਸੀ। ਉਸ ਨੇ ਪਿਤਾ ਦੇ ਕਤਲ ਬਾਰੇ ਸਵਾਲ ਕੀਤਾ। ਮੈਨੂੰ ਜੋ ਵੀ ਪਤਾ ਸੀ, ਮੈਂ ਪ੍ਰਿਅੰਕਾ ਨੂੰ ਸਾਰੀ ਜਾਣਕਾਰੀ ਦਿੱਤੀ, ਜਿਸ ਨੂੰ ਸੁਣ ਕੇ ਉਹ ਰੋਣ ਲੱਗ ਗਈ। ਨਲਿਨੀ ਨੇ ਕਿਹਾ ਕਿ ਮੈਂ ਗਾਂਧੀ ਪਰਿਵਾਰ ਦੀ ਧੰਨਵਾਦੀ ਹਾਂ। ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਉਸ ਨੂੰ ਜ਼ਰੂਰ ਮਿਲਾਂਗੀ। ਮੈਂ ਤਾਮਿਲਨਾਡੂ ਦੀਆਂ ਕੁਝ ਥਾਵਾਂ 'ਤੇ ਜਾਣਾ ਚਾਹੁੰਦੀ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਮਿਲਣਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੇਰੀ ਜੇਲ੍ਹ ਤੋਂ ਬਾਹਰ ਆਉਣ 'ਚ ਮਦਦ ਕੀਤੀ। ਮੈਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੂੰ ਵੀ ਮਿਲਣਾ ਚਾਹੁੰਦੀ ਹਾਂ। ਮੈਂ ਉਸਨੂੰ ਮਿਲਣਾ ਅਤੇ ਉਸਦਾ ਧੰਨਵਾਦ ਕਰਨਾ ਚਾਹੁੰਦੀ ਹਾਂ।
ਜੇਲ੍ਹ ਦੇ ਦਿਨਾਂ ਨੂੰ ਯਾਦ ਕਰਦਿਆਂ ਨਲਿਨੀ ਨੇ ਕਿਹਾ ਕਿ ਜਦੋ ਮੈਂ ਜੇਲ 'ਚ ਆਈ ਤਾਂ ਉਦੋਂ ਮੈਂ ਦੋ ਮਹੀਨਿਆਂ ਦੀ ਗਰਭਵਤੀ ਸੀ, ਫਿਰ ਵੀ ਮੈਨੂੰ ਜੇਲ੍ਹ ਵਿੱਚ ਰੱਖਿਆ ਗਿਆ। ਉੱਥੇ ਲੋਕਾਂ ਨੇ ਮੌਤ ਦੀ ਸਜ਼ਾ ਸੁਣਾਏ ਗਏ ਦੋਸ਼ੀਆਂ ਵਾਂਗ ਵਿਵਹਾਰ ਕੀਤਾ। ਹੁਣ ਪਰਿਵਾਰ ਮੇਰੀ ਤਰਜੀਹ ਹੈ। ਮੇਰੀ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਹੈ। ਇਸ ਲਈ ਹੁਣ ਮੈਂ ਘਰ 'ਚ ਹੀ ਰਹਾਂਗੀ ਅਤੇ ਆਪਣੇ ਪਰਿਵਾਰ 'ਤੇ ਧਿਆਨ ਦੇਵਾਂਗੀ । ਜਿੱਥੇ ਵੀ ਮੇਰੇ ਪਤੀ ਵੀ ਸ਼੍ਰੀਹਰਨ ਉਰਫ ਮੁਰੂਗਨ ਜਾਣਗੇ, ਮੈਂ ਉੱਥੇ ਜਾਵਾਂਗੀ।
55 ਸਾਲਾ ਨਲਿਨੀ ਨੇ ਕਿਹਾ ਕਿ ਉਹ ਬੇਕਸੂਰ ਹੈ। ਤੁਹਾਨੂੰ ਦੱਸ ਦੇਈਏ ਕਿ ਨਲਿਨੀ ਦੇਸ਼ ਦੀ ਸਭ ਤੋਂ ਲੰਬੀ ਸਜ਼ਾ ਕੱਟਣ ਵਾਲੀ ਮਹਿਲਾ ਕੈਦੀ ਹੈ। ਉਸਨੂੰ 1991 ਵਿੱਚ 24 ਸਾਲ ਦੀ ਉਮਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਛੇ ਦੋਸ਼ੀਆਂ ਨੂੰ ਸ਼ਨੀਵਾਰ ਸ਼ਾਮ ਤਾਮਿਲਨਾਡੂ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ ਵਿੱਚ ਨਲਿਨੀ ਸ਼੍ਰੀਹਰਨ, ਉਸ ਦੇ ਪਤੀ ਵੀ ਸ਼੍ਰੀਹਰਨ ਤੋਂ ਇਲਾਵਾ ਸੰਤਨ, ਰਾਬਰਟ ਪੇਅਸ, ਜੈਕੁਮਾਰ ਅਤੇ ਰਵੀਚੰਦਰਨ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸ੍ਰੀਹਰਨ ਅਤੇ ਸੰਤਨ ਸ੍ਰੀਲੰਕਾ ਦੇ ਨਾਗਰਿਕ ਹਨ।
ਰਾਜੀਵ ਗਾਂਧੀ ਦੀ 21 ਮਈ 1991 ਨੂੰ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ਵਿਖੇ ਇੱਕ ਚੋਣ ਰੈਲੀ ਦੌਰਾਨ ਧਨੂ ਨਾਮਕ ਲਿੱਟੇ ਦੇ ਆਤਮਘਾਤੀ ਹਮਲਾਵਰ ਦੁਆਰਾ ਹੱਤਿਆ ਕਰ ਦਿੱਤੀ ਗਈ ਸੀ। ਲਿੱਟੇ ਦੀ ਮਹਿਲਾ ਅੱਤਵਾਦੀ ਧਨੂ (ਤੇਨਮੋਜੀ ਰਾਜਰਤਨਮ) ਰਾਜੀਵ ਨੂੰ ਫੁੱਲਾਂ ਦੇ ਹਾਰ ਪਹਿਨਾਉਣ ਤੋਂ ਬਾਅਦ ਉਸ ਦੇ ਪੈਰਾਂ ਨੂੰ ਛੂੰਹਦੀ ਹੈ ਅਤੇ ਹੇਠਾਂ ਝੁਕ ਕੇ ਉਸ ਦੀ ਕਮਰ 'ਤੇ ਬੰਨ੍ਹੇ ਵਿਸਫੋਟਕਾਂ ਨੂੰ ਵਿਸਫੋਟ ਕਰਦੀ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਲੋਕਾਂ ਦੇ ਟੁਕੜੇ-ਟੁਕੜੇ ਹੋ ਗਏ। ਰਾਜੀਵ ਅਤੇ ਹਮਲਾਵਰ ਧਨੂ ਸਮੇਤ 16 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 45 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।