ਜੇਲ ਤੋਂ ਰਿਹਾ ਹੋਣ ਦੇ ਬਾਅਦ ਵੀ ਖੁਸ਼ ਨਹੀਂ ਰਾਜੀਵ ਦੇ ਕਤਲ ਦੀ ਦੋਸ਼ੀ ਨਲਿਨੀ

ਨਲਿਨੀ ਨੇ ਚਾਰ ਸ਼੍ਰੀਲੰਕਾਈ ਨਾਗਰਿਕਾਂ ਦੀ ਰਿਹਾਈ ਲਈ ਕੇਂਦਰ ਅਤੇ ਤਾਮਿਲਨਾਡੂ ਦੀ ਸਟਾਲਿਨ ਸਰਕਾਰ ਨੂੰ ਅਪੀਲ ਕੀਤੀ ਹੈ। ਇਨ੍ਹਾਂ ਲੋਕਾਂ ਵਿਚ ਉਸ ਦਾ ਪਤੀ ਪੀ.ਸ਼੍ਰੀਹਰਨ ਵੀ ਸ਼ਾਮਲ ਹੈ।
ਜੇਲ ਤੋਂ ਰਿਹਾ ਹੋਣ ਦੇ ਬਾਅਦ ਵੀ ਖੁਸ਼ ਨਹੀਂ ਰਾਜੀਵ ਦੇ ਕਤਲ ਦੀ ਦੋਸ਼ੀ ਨਲਿਨੀ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ 'ਚ 32 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਰਿਹਾਅ ਹੋਈ ਛੇ ਦੋਸ਼ੀਆਂ 'ਚੋਂ ਇਕ ਨਲਿਨੀ ਅਜੇ ਵੀ ਖੁਸ਼ ਨਹੀਂ ਹੈ। ਇਸ ਨੇ ਚਾਰ ਸ਼੍ਰੀਲੰਕਾਈ ਨਾਗਰਿਕਾਂ ਦੀ ਰਿਹਾਈ ਲਈ ਕੇਂਦਰ ਅਤੇ ਤਾਮਿਲਨਾਡੂ ਦੀ ਸਟਾਲਿਨ ਸਰਕਾਰ ਨੂੰ ਅਪੀਲ ਕੀਤੀ ਹੈ। ਇਨ੍ਹਾਂ ਲੋਕਾਂ ਵਿਚ ਉਸ ਦਾ ਪਤੀ ਪੀ ਸ਼੍ਰੀਹਰਨ ਵੀ ਸ਼ਾਮਲ ਹੈ।

ਦਰਅਸਲ, ਨਲਿਨੀ ਦੇ ਪਤੀ ਸ਼੍ਰੀਹਰਨ ਅਤੇ ਤਿੰਨ ਹੋਰ ਸ਼੍ਰੀਲੰਕਾਈ ਨਾਗਰਿਕਾਂ ਨੂੰ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਤਿਰੂਚਿਰਾਪੱਲੀ ਦੇ ਇੱਕ ਵਿਸ਼ੇਸ਼ ਸ਼ਰਨਾਰਥੀ ਕੈਂਪ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਲੋਕਾਂ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ 'ਚ ਦਾਖਲ ਹੋਣ ਦਾ ਦੋਸ਼ ਹੈ। 1991 ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਛੇ ਦੋਸ਼ੀਆਂ ਵਿੱਚੋਂ ਇੱਕ ਨਲਿਨੀ ਨੇ ਕੇਂਦਰ ਅਤੇ ਰਾਜ ਨੂੰ ਆਪਣੀ ਰਿਹਾਈ ਲਈ ਅਪੀਲ ਕੀਤੀ ਹੈ।

ਨਲਿਨੀ ਨੇ ਕਿਹਾ, "ਮੈਂ ਅਜੇ ਤੱਕ ਆਪਣੇ ਪਤੀ ਨੂੰ ਨਹੀਂ ਮਿਲ ਸਕੀ, ਇਸ ਲਈ ਫਿਲਹਾਲ ਖੁਸ਼ ਨਹੀਂ ਹਾਂ। ਮੈਂ ਤਾਮਿਲਨਾਡੂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਸ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।" ਸਲਾਖਾਂ ਪਿੱਛੇ ਆਪਣੇ ਸਮੇਂ ਬਾਰੇ ਉਸਨੇ ਕਿਹਾ ਕਿ 'ਕੁਝ ਲੋਕ ਸਾਡੀ ਰਿਹਾਈ ਦਾ ਵਿਰੋਧ ਕਰਦੇ ਹਨ' ਅਤੇ 'ਸਾਡੇ ਨਾਲ ਮੌਤ ਦੀ ਸਜ਼ਾ ਦੇ ਦੋਸ਼ੀਆਂ ਵਾਂਗ ਸਲੂਕ ਕੀਤਾ ਜਾਂਦਾ ਸੀ, ਉਦੋਂ ਵੀ ਜਦੋਂ ਮੈਂ ਦੋ ਮਹੀਨਿਆਂ ਦੀ ਗਰਭਵਤੀ ਸੀ।

ਨਲਿਨੀ ਨੇ ਕਿਹਾ, "ਅਸੀਂ ਇੱਕ ਕਾਂਗਰਸੀ ਪਰਿਵਾਰ ਹਾਂ। ਜਦੋਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਹੱਤਿਆ ਹੋਈ ਸੀ ਤਾਂ ਸਾਡਾ ਪਰਿਵਾਰ ਦੁਖੀ ਸੀ ਅਤੇ ਉਨ੍ਹਾਂ ਨੇ ਖਾਣਾ ਨਹੀਂ ਖਾਧਾ ਸੀ। ਮੈਂ ਇਹ ਸਵੀਕਾਰ ਨਹੀਂ ਕਰ ਸਕਦੀ ਕਿ ਮੇਰਾ ਨਾਮ ਰਾਜੀਵ ਗਾਂਧੀ ਦੀ ਹੱਤਿਆ ਵਿੱਚ ਸ਼ਾਮਲ ਸੀ। ਮੇਰਾ ਨਾਂ ਦੋਸ਼ ਤੋਂ ਮੁਕਤ ਹੋਣਾ ਚਾਹੀਦਾ ਹੈ।"

ਨਲਿਨੀ ਨੇ ਕਿਹਾ ਕਿ ਉਸਨੇ ਆਪਣੇ ਪਤੀ ਨੂੰ ਮਿਲਣ ਲਈ ਤ੍ਰਿਚੀ ਜਾਣ ਦੀ ਯੋਜਨਾ ਬਣਾਈ ਹੈ। ਇਸ ਤੋਂ ਪਹਿਲਾ ਉਸਨੇ ਕੇਂਦਰ ਅਤੇ ਰਾਜ ਸਰਕਾਰਾਂ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਦੀ ਰਿਹਾਈ ਦਾ ਸਮਰਥਨ ਕੀਤਾ ਸੀ। ਨਲਿਨੀ ਨੇ ਕਿਹਾ, "ਮੈਂ ਬਹੁਤ ਖੁਸ਼ ਅਤੇ ਸ਼ੁਕਰਗੁਜ਼ਾਰ ਹਾਂ ਕਿ ਬਹੁਤ ਸਾਰੀਆਂ ਦਿਆਲੂ ਲੋਕਾਂ ਨੇ ਮੇਰੀ ਜੇਲ੍ਹ ਤੋਂ ਰਿਹਾਈ ਦਾ ਸਮਰਥਨ ਕੀਤਾ" ਅਤੇ ਦਾਅਵਾ ਕੀਤਾ ਕਿ ਉਸ ਕੋਲ ਆਪਣੇ ਵਕੀਲ ਨੂੰ ਦੇਣ ਲਈ ਵੀ ਪੈਸੇ ਨਹੀਂ ਸਨ, ਜਿਸ ਨੇ ਅਦਾਲਤ ਵਿੱਚ ਉਸਦੇ ਕੇਸ ਦੀ ਦਲੀਲ ਕੀਤੀ ਸੀ।

Related Stories

No stories found.
logo
Punjab Today
www.punjabtoday.com