ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਯੂਕਰੇਨ ਦੇ ਆਮ ਲੋਕਾਂ ਨੂੰ ਬਹੁਤ ਨੁਕਸਾਨ ਪੁੱਜਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ ਤੇ ਗੱਲਬਾਤ ਕਰਨਗੇ।
ਪੀਐਮ ਮੋਦੀ ਪਹਿਲਾਂ ਹੀ ਇਨ੍ਹਾਂ ਦੋਵਾਂ ਨੇਤਾਵਾਂ ਨਾਲ ਜੰਗ ਬਾਰੇ ਗੱਲ ਕਰ ਚੁੱਕੇ ਹਨ। ਪੀਐਮ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਜ਼ੇਲੇਂਸਕੀ ਨਾਲ ਗੱਲ ਕੀਤੀ ਸੀ।ਜ਼ੇਲੇਂਸਕੀ ਅਤੇ ਮੋਦੀ ਦੀ ਗੱਲਬਾਤ ਸੰਯੁਕਤ ਰਾਸ਼ਟਰ 'ਚ ਰੂਸ ਦੇ ਖਿਲਾਫ ਵੋਟਿੰਗ 'ਚ ਭਾਰਤ ਵਲੋਂ ਹਿੱਸਾ ਲੈਣ ਤੋਂ ਬਾਅਦ ਹੋਈ।
ਜ਼ੇਲੇਂਸਕੀ ਨੇ ਇਸ ਦੌਰਾਨ ਭਾਰਤ ਦੇ ਸਿਆਸੀ ਸਮਰਥਨ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 12ਵਾਂ ਦਿਨ ਹੈ।ਕੇਂਦਰ ਸਰਕਾਰ ਨੇ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਹੈ।
ਇਸ ਸਬੰਧੀ ਯੂਕਰੇਨ ਨਾਲ ਪਹਿਲਾਂ ਹੀ ਸੰਪਰਕ ਕੀਤਾ ਜਾ ਚੁੱਕਾ ਹੈ ਤਾਂ ਜੋ ਭਾਰਤੀ ਨਾਗਰਿਕਾਂ ਨੂੰ ਬਾਹਰ ਨਿਕਲਣ ਲਈ ਸੁਰੱਖਿਅਤ ਰਾਹ ਯਕੀਨੀ ਬਣਾਇਆ ਜਾ ਸਕੇ। ਵਿਦੇਸ਼ ਮੰਤਰਾਲੇ ਨੇ ਵੀ ਜੰਗਬੰਦੀ ਦੀ ਮੰਗ ਕੀਤੀ ਹੈ, ਜਿਸ ਨੂੰ ਰੂਸ ਨੇ ਚੋਣਵੇਂ ਤੌਰ 'ਤੇ ਲਾਗੂ ਕੀਤਾ ਹੈ।
ਰੂਸ-ਯੂਕਰੇਨ ਜੰਗ 'ਤੇ ਭਾਰਤ ਦਾ ਸਟੈਂਡ ਅਹਿਮ ਹੈ। ਭਾਰਤ ਨੇ ਯੂਕਰੇਨ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਅਤੇ ਯੂਕਰੇਨ ਨੂੰ ਮਨੁੱਖੀ ਸਹਾਇਤਾ ਭੇਜੀ ਹੈ, ਪਰ ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖਿਲਾਫ ਪ੍ਰਸਤਾਵਾਂ ਤੋਂ ਬਚਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਭਾਰਤ ਤੋਂ ਰਾਜਨੀਤਿਕ ਸਮਰਥਨ ਦੀ ਮੰਗ 'ਤੇ ਪੀਐਮ ਮੋਦੀ ਨੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਦੇਣ ਦੀ ਗੱਲ ਕਹੀ।
ਮੋਦੀ ਨੇ ਜੰਗ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਹਿੰਸਾ ਨੂੰ ਤੁਰੰਤ ਖਤਮ ਕਰਨ ਦੀ ਅਪੀਲ ਕੀਤੀ।ਯੁੱਧ ਸ਼ੁਰੂ ਹੋਣ ਤੋਂ ਬਾਅਦ, ਪੀਐਮ ਮੋਦੀ ਨੇ ਨਿਕਾਸੀ ਕਾਰਜ ਦੀ ਪ੍ਰਗਤੀ ਅਤੇ ਰੂਸ-ਯੂਕਰੇਨ ਸੰਕਟ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਆਪ੍ਰੇਸ਼ਨ ਗੰਗਾ ਤਹਿਤ ਪਿਛਲੇ ਇੱਕ ਹਫ਼ਤੇ ਵਿੱਚ 10,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਿਆ ਗਿਆ ਹੈ। ਖਾਰਕਿਵ ਅਤੇ ਸੁਮੀ ਨੂੰ ਛੱਡ ਕੇ ਬਾਕੀ ਯੂਕਰੇਨ ਤੋਂ ਲਗਭਗ ਸਾਰੇ ਭਾਰਤੀਆਂ ਨੂੰ ਕੱਢ ਲਿਆ ਗਿਆ ਹੈ।