
ਬੋਰਨਵੀਟਾ ਨੂੰ ਅੱਜ ਕਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ ਲਗਭਗ ਸਾਰੇ ਘਰਾਂ ਵਿੱਚ ਬੱਚਿਆਂ ਨੂੰ ਹੈਲਥ ਡਰਿੰਕਸ ਦੇਣ ਦਾ ਰਿਵਾਜ ਤੇਜ਼ੀ ਨਾਲ ਵਧ ਰਿਹਾ ਹੈ। ਜਿਸ ਵਿੱਚ ਸਭ ਤੋਂ ਪਹਿਲਾਂ ਨਾਮ ਬੋਰਨਵੀਟਾ ਦਾ ਆਉਂਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐੱਨ.ਸੀ.ਪੀ.ਸੀ.ਆਰ.) ਨੇ ਬੱਚਿਆਂ ਦੀ ਸਿਹਤ ਨੂੰ ਵਧਾਉਣ ਦਾ ਦਾਅਵਾ ਕਰਨ ਵਾਲੀ ਬੋਰਨਵੀਟਾ 'ਚ ਲਗਭਗ ਅੱਧੀ ਸ਼ੂਗਰ ਦੇ ਦਾਅਵੇ ਤੋਂ ਬਾਅਦ ਉਨ੍ਹਾਂ ਦੀ ਮਲਕੀਅਤ ਵਾਲੀ ਕੰਪਨੀ ਮੋਂਡੇਲੇਜ਼ ਇੰਡੀਆ ਇੰਟਰਨੈਸ਼ਨਲ ਨੂੰ ਨੋਟਿਸ ਭੇਜਿਆ ਹੈ। ਬੋਰਨਵੀਟਾ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ, ਪੈਕੇਜਿੰਗ ਅਤੇ ਲੇਬਲਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ। ਸੱਤ ਦਿਨਾਂ ਦੇ ਅੰਦਰ ਕੰਪਨੀ ਤੋਂ ਜਵਾਬ ਅਤੇ ਵਿਸਤ੍ਰਿਤ ਰਿਪੋਰਟ ਵੀ ਮੰਗੀ ਗਈ ਹੈ।
ਚਿਲਡਰਨ ਕਮਿਸ਼ਨ ਨੂੰ ਸ਼ਿਕਾਇਤ ਮਿਲੀ ਸੀ ਕਿ ਬੋਰਨਵੀਟਾ ਨੂੰ ਬੱਚਿਆਂ ਦੇ ਸਰੀਰਕ ਵਿਕਾਸ ਵਿੱਚ ਮਦਦ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦੋਂ ਕਿ ਇਹ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਕਮਿਸ਼ਨ ਨੇ ਹੁਣ ਇੱਕ ਨੋਟਿਸ ਭੇਜ ਕੇ ਗੁੰਮਰਾਹਕੁੰਨ ਇਸ਼ਤਿਹਾਰਾਂ, ਪੈਕੇਜਿੰਗ, ਲੇਬਲਾਂ ਨੂੰ ਵਾਪਸ ਲੈਣ ਬਾਰੇ ਵਿਸਥਾਰਤ ਰਿਪੋਰਟ ਭੇਜਣ ਲਈ ਕਿਹਾ ਹੈ। ਮੋਂਡੇਲੇਜ਼ ਇੰਟਰਨੈਸ਼ਨਲ ਨੂੰ ਦਿੱਤੇ ਨੋਟਿਸ 'ਚ ਕਮਿਸ਼ਨ ਨੇ ਕਿਹਾ, ''ਇਸ ਉਤਪਾਦ ਬਾਰੇ ਕਮਿਸ਼ਨ ਨੂੰ ਦੱਸਿਆ ਗਿਆ ਹੈ ਕਿ ਇਸ 'ਚ ਬਹੁਤ ਜ਼ਿਆਦਾ ਖੰਡ ਹੁੰਦੀ ਹੈ। ਇਸਦੇ ਨਾਲ ਹੀ, ਕੁਝ ਅਜਿਹੇ ਤੱਤ ਹਨ ਜੋ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।
ਬਾਲ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਬੋਰਨਵੀਟਾ FSSAI ਦਿਸ਼ਾ-ਨਿਰਦੇਸ਼ਾਂ ਅਤੇ ਖਪਤਕਾਰ ਸੁਰੱਖਿਆ ਕਾਨੂੰਨ ਦੇ ਤਹਿਤ ਲਾਜ਼ਮੀ ਖੁਲਾਸੇ ਦਿਖਾਉਣ ਵਿੱਚ ਅਸਫਲ ਰਹੀ ਹੈ। ਕਮਿਸ਼ਨ ਨੇ ਸਨੈਕਸ ਕੰਪਨੀ ਤੋਂ ਇੱਕ ਹਫ਼ਤੇ ਵਿੱਚ ਜਵਾਬ ਮੰਗਿਆ ਹੈ। ਸ਼ਿਕਾਇਤਕਰਤਾ ਰੇਵੰਤ ਦਾ ਦੋਸ਼ ਹੈ ਕਿ 'ਹੈਲਥ ਡ੍ਰਿੰਕ' ਦੇ ਨਾਂ 'ਤੇ ਵੇਚੇ ਜਾ ਰਹੇ ਬੋਰਨਵੀਟਾ 'ਚ ਸ਼ੂਗਰ ਦੀ ਜ਼ਿਆਦਾ ਮਾਤਰਾ ਸ਼ੂਗਰ ਦੇ ਖਤਰੇ ਨੂੰ ਵਧਾ ਸਕਦੀ ਹੈ। ਰੇਵੰਤ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ, ਬੋਰਨਵੀਟਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਇੱਕ ਬਿਆਨ ਜਾਰੀ ਕੀਤਾ। ਬਿਆਨ 'ਚ ਕੰਪਨੀ ਨੇ ਲਿਖਿਆ ਕਿ ਇਸ 'ਚ ਵਿਟਾਮਿਨ ਏ, ਸੀ, ਡੀ, ਆਇਰਨ, ਜ਼ਿੰਕ, ਕਾਪਰ ਅਤੇ ਸੇਲੇਨਿਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ।