
ਨੇਪਾਲ ਦੀ ਫੌਜ ਨੇ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ ਹੁਣ ਭਾਰਤੀ ਸਰਹੱਦ ਨੇੜੇ ਐਕਸਪ੍ਰੈੱਸ ਵੇਅ ਬਣਾਉਣ ਦਾ ਠੇਕਾ ਚੀਨ ਦੀ ਇਕ ਵਿਵਾਦਤ ਕੰਪਨੀ ਨੂੰ ਦੇ ਦਿੱਤਾ ਹੈ। ਕਾਠਮੰਡੂ-ਤਰਾਈ-ਮਧੇਸ਼ ਐਕਸਪ੍ਰੈਸਵੇਅ ਦੇ ਨਿਰਮਾਣ ਦਾ ਕੰਮ ਚਾਈਨਾ ਫਸਟ ਹਾਈਵੇਅ ਇੰਜੀਨੀਅਰਿੰਗ ਕੰਪਨੀ ਨੂੰ ਦਿੱਤਾ ਗਿਆ ਹੈ।
ਨੇਪਾਲ ਵਿੱਚ ਚੋਣਾਂ ਤੋਂ ਠੀਕ ਪਹਿਲਾਂ ਨੇਪਾਲੀ ਫੌਜ ਨੇ ਇਹ ਠੇਕਾ ਭਾਰਤੀ ਕੰਪਨੀ ਨੂੰ ਦੇਣ ਦੀ ਬਜਾਏ ਚੀਨੀ ਕੰਪਨੀ ਨੂੰ ਦੇ ਦਿੱਤਾ। ਇਹ ਉਹੀ ਚੀਨੀ ਕੰਪਨੀ ਹੈ, ਜਿਸ ਨੂੰ ਪਹਿਲਾਂ ਇਹ ਕਹਿ ਕੇ ਠੇਕਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਕਿ ਉਸ ਕੋਲ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਤਕਨੀਕੀ ਸਮਰੱਥਾ ਨਹੀਂ ਹੈ। ਨੇਪਾਲੀ ਫੌਜ ਦੇ ਇਸ ਫੈਸਲੇ ਨੂੰ ਦੇਸ਼ 'ਚ ਹੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਇਸ ਸੜਕ ਲਈ ਭਾਰਤੀ ਕੰਪਨੀ Afcons Infrastructure ਨੇ ਵੀ ਬੋਲੀ ਲਗਾਈ ਸੀ।
ਅਜਿਹੇ ਸੰਕੇਤ ਮਿਲੇ ਹਨ ਕਿ ਹੁਣ ਸਾਰਾ ਮਾਮਲਾ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਕੋਲ ਉਠਾਇਆ ਜਾਵੇਗਾ। ਇੰਨਾ ਹੀ ਨਹੀਂ ਇਸ ਸਾਰੀ ਬੋਲੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵੀ ਨਹੀਂ ਰੱਖੀ ਗਈ। ਚੀਨੀ ਕੰਪਨੀ ਦੇ ਜੇਤੂ ਐਲਾਨੇ ਜਾਣ 'ਤੇ ਸਾਰਿਆਂ ਨੂੰ ਹੈਰਾਨੀ ਹੋਈ ਹੈ । ਇਸ ਸੜਕ ਦੀ ਉਸਾਰੀ ਦਾ ਕੰਮ ਸਾਲ 2017 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦੇ ਮੁਕੰਮਲ ਹੋਣ ਦੀ ਨਵੀਂ ਸਮਾਂ ਸੀਮਾ 2024 ਹੈ।
ਚੀਨੀ ਕੰਪਨੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਨਿਯੰਤਰਣ ਅਧੀਨ ਜਨਤਕ ਖਰੀਦ ਦਫਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਪਹਿਲਾਂ ਨੇਪਾਲੀ ਫੌਜ ਨੇ ਚੀਨੀ ਕੰਪਨੀ ਨੂੰ ਤਕਨੀਕੀ ਆਧਾਰ 'ਤੇ ਰੱਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਚੀਨੀ ਕੰਪਨੀ ਦੀ ਸ਼ਿਕਾਇਤ ਤੋਂ ਬਾਅਦ ਇਸ ਨੂੰ ਬੋਲੀ ਪ੍ਰਕਿਰਿਆ 'ਚ ਸ਼ਾਮਲ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਨੇਪਾਲੀ ਫੌਜ ਨੇ ਕੰਪਨੀਆਂ ਨੂੰ ਇਸ ਬੋਲੀ ਪ੍ਰਕਿਰਿਆ 'ਚ ਹਿੱਸਾ ਲੈਣ ਲਈ ਸਿਰਫ 15 ਦਿਨ ਦਾ ਸਮਾਂ ਦਿੱਤਾ ਸੀ।
ਕਾਠਮੰਡੂ-ਤਰਾਈ ਐਕਸਪ੍ਰੈਸਵੇਅ, ਜਿਸ ਨੂੰ ਰਾਸ਼ਟਰੀ ਗੌਰਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਦਾ ਨਿਰਮਾਣ 2017 ਵਿੱਚ ਸ਼ੁਰੂ ਕੀਤਾ ਗਿਆ ਸੀ, ਜਦੋਂ ਕਿ ਚਾਰ ਸਾਲਾਂ ਵਿੱਚ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਸੀ, ਪਰ ਉਸਾਰੀ ਦੇ ਕੰਮ ਵਿੱਚ ਦੇਰੀ ਹੋਈ ਹੈ। ਨਵੀਂ ਆਖਰੀ ਮਿਤੀ ਜੁਲਾਈ 2024 ਹੈ।