
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਪਣੇ ਬਜਟ ਨੂੰ ਲੈ ਕੇ ਕਾਫੀ ਉਤਸਾਹਿਤ ਸੀ । ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ 5ਵੇਂ ਅਤੇ ਦੇਸ਼ ਦੇ 75ਵੇਂ ਬਜਟ ਵਿੱਚ ਕਈ ਅਹਿਮ ਐਲਾਨ ਕੀਤੇ ਹਨ। ਦੇਸ਼ ਵਿੱਚ ਅਗਲੇ ਸਾਲ ਆਮ ਚੋਣਾਂ ਹੋਣੀਆਂ ਹਨ। ਬੁੱਧਵਾਰ ਨੂੰ 1 ਘੰਟਾ 27 ਮਿੰਟ ਦੇ ਭਾਸ਼ਣ ਵਿੱਚ ਸੀਤਾਰਮਨ ਨੇ ਰਾਸ਼ਟਰ ਨੂੰ ਭਰੋਸਾ ਦਿਵਾਇਆ ਕਿ ਅਰਥਵਿਵਸਥਾ ਸਹੀ ਰਸਤੇ 'ਤੇ ਹੈ ਅਤੇ ਉੱਜਵਲ ਭਵਿੱਖ ਵੱਲ ਵਧ ਰਹੀ ਹੈ।
ਸੀਤਾਰਮਨ ਨੇ ਦੱਸਿਆ ਕਿ ਜਦੋਂ ਪੂਰੀ ਦੁਨੀਆ ਕੋਰੋਨਾ ਅਤੇ ਯੁੱਧ ਕਾਰਨ ਮੰਦੀ ਦੇ ਰਾਹ 'ਤੇ ਹੈ, ਉਦੋਂ ਭਾਰਤ ਦਾ ਵਿਕਾਸ ਦੂਜੇ ਦੇਸ਼ਾਂ ਨਾਲੋਂ ਮਜ਼ਬੂਤ ਹੈ। ਸੀਤਾਰਮਨ ਨੇ ਕਿਹਾ ਕਿ ਹੁਣ ਸਾਲਾਨਾ 7 ਲੱਖ ਰੁਪਏ ਤੱਕ ਦੀ ਕਮਾਈ 'ਤੇ ਇਨਕਮ ਟੈਕਸ ਨਹੀਂ ਦੇਣਾ ਪਵੇਗਾ। ਇਹ ਛੋਟ ਸਿਰਫ਼ ਨਵੀਂ ਟੈਕਸ ਪ੍ਰਣਾਲੀ ਤਹਿਤ ਹੀ ਮਿਲੇਗੀ। ਫਿਰ ਵੀ ਇਨਕਮ ਟੈਕਸ ਰਿਟਰਨ ਭਰਨ ਲਈ 2 ਵਿਕਲਪ ਹੋਣਗੇ। ਹੁਣ ਤੱਕ 2.5 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਸੀ।
ਪਿਛਲੀ ਵਾਰ 2014-15 ਦੇ ਬਜਟ ਵਿੱਚ ਇਨਕਮ ਟੈਕਸ ਸਲੈਬ ਵਿੱਚ ਬਦਲਾਅ ਕੀਤਾ ਗਿਆ ਸੀ। ਟੀਵੀ ਸਸਤੇ ਹੋਣਗੇ, ਕਿਉਂਕਿ ਸਪੇਅਰਜ਼ 'ਤੇ ਕਸਟਮ ਡਿਊਟੀ 5% ਤੋਂ ਘਟਾ ਕੇ 2.5% ਕਰ ਦਿੱਤੀ ਗਈ ਹੈ। ਮੋਬਾਈਲ ਫੋਨ ਵੀ ਸਸਤੇ ਹੋਣਗੇ, ਕਿਉਂਕਿ ਨਿਰਮਾਣ ਲਈ ਕੁਝ ਹਿੱਸਿਆਂ 'ਤੇ ਕਸਟਮ ਡਿਊਟੀ ਘਟਾਈ ਗਈ ਹੈ। ਹੀਰਿਆਂ ਦੀਆਂ ਕੀਮਤਾਂ ਘੱਟ ਹੋਣਗੀਆਂ। ਉਤਪਾਦਨ 'ਚ ਵਰਤੇ ਜਾਣ ਵਾਲੇ ਬੀਜ 'ਤੇ ਡਿਊਟੀ ਘਟਾ ਦਿੱਤੀ ਗਈ ਹੈ। ਸਿਗਰਟ 'ਤੇ ਟੈਕਸ 16 ਫੀਸਦੀ ਵਧਿਆ, ਸਿਗਰਟ ਮਹਿੰਗੀ ਹੋਵੇਗੀ ।
ਕਸਟਮ ਡਿਊਟੀ ਵਧਣ ਕਾਰਨ ਚਾਂਦੀ ਦੀਆਂ ਵਸਤੂਆਂ ਮਹਿੰਗੀਆਂ ਹੋਣਗੀਆਂ। ਇਸ ਸਾਲ ਵਿੱਤ ਮੰਤਰੀ ਨੇ ਪੂਰੇ ਬਜਟ ਵਿੱਚ ਸਿਰਫ਼ 4 ਵਾਰ ਰੁਜ਼ਗਾਰ ਜਾਂ ਨੌਕਰੀ ਸ਼ਬਦ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ 4.0 ਸੰਸਕਰਣ ਨੂੰ ਲਾਂਚ ਕਰਨ ਬਾਰੇ ਗੱਲ ਕੀਤੀ। ਵਿੱਤ ਮੰਤਰੀ ਨੇ ਕਿਹਾ- ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਨੌਕਰੀਆਂ ਲਈ ਤਿਆਰ ਕਰਨ ਲਈ 30 ਸਕਿੱਲ ਇੰਡੀਆ ਸੈਂਟਰ ਖੋਲ੍ਹੇ ਜਾਣਗੇ।
ਨੈਸ਼ਨਲ ਅਪ੍ਰੈਂਟਿਸਸ਼ਿਪ ਸਕੀਮ ਤਹਿਤ 47 ਲੱਖ ਨੌਜਵਾਨਾਂ ਦੀ ਮਦਦ ਲਈ 3 ਸਾਲ ਲਈ ਭੱਤਾ ਦਿੱਤਾ ਜਾਵੇਗਾ। ਸਰਕਾਰ ਨੇ ਐਗਰੀਕਲਚਰ ਕ੍ਰੈਡਿਟ ਕਾਰਡ (KCC) ਨੂੰ 20 ਲੱਖ ਕਰੋੜ ਵਧਾਉਣ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਇਹ 18.5 ਲੱਖ ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਖੇਤੀਬਾੜੀ ਲਈ ਡਿਜੀਟਲ ਪਬਲਿਕ ਇਨਫਰਾਸਟਰੱਕਚਰ ਰਾਹੀਂ ਕਿਸਾਨ ਖਾਦਾਂ, ਬੀਜਾਂ ਤੋਂ ਲੈ ਕੇ ਮੰਡੀਆਂ ਅਤੇ ਸਟਾਰਟਅੱਪ ਤੱਕ ਦੀ ਜਾਣਕਾਰੀ ਹਾਸਲ ਕਰ ਸਕਣਗੇ। ਐਗਰੀਕਲਚਰ ਐਕਸਲੇਟਰ ਫੰਡ ਰਾਹੀਂ ਪਿੰਡਾਂ ਦੇ ਨੌਜਵਾਨਾਂ ਨੂੰ ਸਟਾਰਟਅੱਪ ਸ਼ੁਰੂ ਕਰਨ ਦਾ ਮੌਕਾ ਮਿਲੇਗਾ।