ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਕੋਵਿਡ 19 ਦੀਆਂ ਪਹਿਲੀਆਂ ਦੋ ਲਹਿਰਾਂ ਦੇ ਮੁਕਾਬਲੇ ਤੀਜੀ ਲਹਿਰ ਦੇ ਦੇਸ਼ ਵਿੱਚ ਆਉਣ ਦੀ ਸੰਭਾਵਨਾ ਨਹੀਂ ਹੈ। ਇਸ ਸਮੇਂ ਕੋਰੋਨਾ ਦੇ ਕੇਸਾਂ ਦੀ ਘਾਟ ਇਹ ਦਰਸਾਉਂਦੀ ਹੈ ਕਿ ਟੀਕੇ ਅਜੇ ਵੀ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਤੀਜੀ ਬੂਸਟਰ ਖੁਰਾਕ ਦੀ ਕੋਈ ਲੋੜ ਨਹੀਂ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦੇ ਡਾਇਰੈਕਟਰ ਜਨਰਲ ਡਾ: ਬਲਰਾਮ ਭਾਰਗਵ ਦੁਆਰਾ ਲਿਖੀ ਗਈ ਕਿਤਾਬ 'ਗੋਇੰਗ ਵਾਇਰਲ: ਮੇਕਿੰਗ ਆਫ਼ ਕੋਵੈਕਸੀਨ - ਦਿ ਇਨਸਾਈਡ ਸਟੋਰੀ' ਦੇ ਰਿਲੀਜ਼ ਸਮਾਰੋਹ ਨੂੰ ਸੰਬੋਧਨ ਕਰਦਿਆਂ, ਡਾ: ਗੁਲੇਰੀਆ ਨੇ ਕਿਹਾ ਕਿ ਇੱਕ ਵੱਡੀ ਲਹਿਰ ਦੀ ਸੰਭਾਵਨਾ ਬਹੁਤ ਘਟ ਹੈ। ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਗਿਣਤੀ ਹਰ ਰੋਜ਼ ਘਟਦੀ ਜਾ ਰਹੀ ਹੈ।
ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀਕੇ ਪਾਲ ਨੇ ਕਿਹਾ ਕਿ ਤੀਜੀ ਖੁਰਾਕ ਬਾਰੇ ਫੈਸਲਾ ਵਿਗਿਆਨ ਦੇ ਆਧਾਰ 'ਤੇ ਲਿਆ ਜਾਣਾ ਚਾਹੀਦਾ ਹੈ। ਰੂਪਾ ਪ੍ਰਕਾਸ਼ਨ ਦੀ ਕਿਤਾਬ ਬਾਰੇ ਗੱਲ ਕਰਦਿਆਂ ਭਾਰਗਵ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਦੀ ਬੂਸਟਰ ਡੋਜ਼ ਦੀ ਲੋੜ ਦਾ ਸਮਰਥਨ ਕਰਨ ਲਈ ਅਜੇ ਤੱਕ ਕੋਈ ਵਿਗਿਆਨਕ ਸਬੂਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਵਿੱਚ ਕੋਵਿਡ-19 ਵਿਰੁੱਧ ਲੜਾਈ ਵਿੱਚ ਵਿਗਿਆਨੀਆਂ, ਸਰਕਾਰ ਅਤੇ ਲੋਕਾਂ ਦੇ ਕੰਮ ਵਿੱਚ ਸਪੱਸ਼ਟਤਾ ਅਤੇ ਗੰਭੀਰਤਾ ਆਈ ਹੈ। ਲੋਕਾਂ ਨੇ ਮਹਾਂਮਾਰੀ ਤੋਂ ਸਿੱਖਿਆ ਹੈ ਅਤੇ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ, ਜਦਕਿ ਸਾਨੂੰ ਦੁਨੀਆ ਦੇ ਸਾਰੇ ਵਾਇਰਸਾਂ 'ਤੇ ਨਜ਼ਰ ਰੱਖਣੀ ਪਵੇਗੀ।