
ਰਾਸ਼ਿਦ ਅਲਵੀ ਦੇ ਸਰਜੀਕਲ ਸਟ੍ਰਾਈਕ 'ਤੇ ਦਿਤੇ ਬਿਆਨ ਤੋਂ ਬਾਅਦ ਸਿਆਸਤ ਗਰਮਾਉਂਦੀ ਜਾ ਰਹੀ ਹੈ। ਨੈਸ਼ਨਲ ਕਾਨਫਰੰਸ (ਐਨਸੀ) ਦੇ ਨੇਤਾ ਉਮਰ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਕਦੇ ਵੀ ਸਰਜੀਕਲ ਸਟ੍ਰਾਈਕ 'ਤੇ ਸਵਾਲ ਨਹੀਂ ਉਠਾਏ।
ਬਨਿਹਾਲ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮਰ ਅਬਦੁੱਲਾ ਨੇ ਕਿਹਾ, ''ਸਰਜੀਕਲ ਸਟ੍ਰਾਈਕ 'ਤੇ ਸਵਾਲ ਉਠਾਉਣਾ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ। ਅਸੀਂ ਕਦੇ ਵੀ ਸਰਜੀਕਲ ਸਟ੍ਰਾਈਕ 'ਤੇ ਸਵਾਲ ਨਹੀਂ ਚੁੱਕੇ ਅਤੇ ਨਾ ਹੀ ਅਜਿਹਾ ਕਦੇ ਕਰਾਂਗੇ।' ਉਮਰ ਅਬਦੁੱਲਾ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਚੋਣਾਂ ਹੋਏ ਅੱਠ ਸਾਲ ਹੋ ਗਏ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ 2014 ਵਿੱਚ ਹੋਈਆਂ ਸਨ।
ਇਹ ਪਹਿਲੀ ਵਾਰ ਹੈ, ਜਦੋਂ ਇੱਥੇ ਚੋਣਾਂ ਵਿਚਾਲੇ ਇੰਨਾ ਲੰਬਾ ਪਾੜਾ ਪਿਆ ਹੈ। ਜੰਮੂ-ਕਸ਼ਮੀਰ ਵਿੱਚ ਅੱਤਵਾਦ ਦੇ ਮਾੜੇ ਦਿਨਾਂ ਦੌਰਾਨ ਵੀ ਅਜਿਹਾ ਨਹੀਂ ਸੀ। ਦੱਸ ਦੇਈਏ ਕਿ ਉਮਰ ਅਬਦੁੱਲਾ ਦਾ ਇਹ ਬਿਆਨ ਕਾਂਗਰਸ ਨੇਤਾ ਰਾਸ਼ਿਦ ਅਲਵੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ 'ਚ ਅਲਵੀ ਨੇ ਕੇਂਦਰ ਸਰਕਾਰ ਨੂੰ ਸਰਜੀਕਲ ਸਟ੍ਰਾਈਕ ਦਾ ਵੀਡੀਓ ਦਿਖਾਉਣ ਲਈ ਕਿਹਾ ਸੀ।
ਰਾਸ਼ਿਦ ਅਲਵੀ ਨੇ ਮੀਡਿਆ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਉਸ ਕੋਲ (ਸਰਜੀਕਲ ਸਟ੍ਰਾਈਕ ਦਾ) ਵੀਡੀਓ ਹੈ ਤਾਂ ਦਿਗਵਿਜੇ ਸਿੰਘ ਵੱਲੋਂ ਸਰਕਾਰ ਨੂੰ ਇਹ ਦਿਖਾਉਣ ਲਈ ਕਹਿਣ ਵਿੱਚ ਕੀ ਗਲਤ ਹੈ। ਅਸੀਂ (ਸਰਜੀਕਲ ਸਟ੍ਰਾਈਕ ਦਾ) ਸਬੂਤ ਨਹੀਂ ਮੰਗ ਰਹੇ ਹਾਂ, ਪਰ ਸਰਕਾਰ ਨੂੰ ਉਹ ਵੀਡੀਓ ਦਿਖਾਉਣਾ ਚਾਹੀਦਾ ਹੈ, ਜਿਸਦਾ ਦਾਅਵਾ ਕੀਤਾ ਗਿਆ ਹੈ।
ਅਲਵੀ ਦੀ ਇਹ ਪ੍ਰਤੀਕਿਰਿਆ ਪਾਰਟੀ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਵੱਲੋਂ ਸਰਜੀਕਲ ਸਟ੍ਰਾਈਕ 'ਤੇ ਟਿੱਪਣੀ ਕਰਨ ਤੋਂ ਕੁਝ ਦਿਨ ਬਾਅਦ ਆਈ ਹੈ ਅਤੇ ਸੋਮਵਾਰ (23 ਜਨਵਰੀ) ਨੂੰ ਕਿਹਾ ਗਿਆ ਸੀ ਕਿ ਉਹ (ਸਰਕਾਰ) ਇੰਨੇ ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕਰਦੇ ਹਨ, ਪਰ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ। ਰਾਸ਼ਿਦ ਅਲਵੀ ਨੇ ਕਿਹਾ ਕਿ ਜੇਕਰ ਉਨ੍ਹਾਂ (ਕੇਂਦਰੀ ਸਰਕਾਰ) ਕੋਲ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਕੋਈ ਵੀਡੀਓ ਸਬੂਤ ਨਹੀਂ ਹੈ, ਤਾਂ ਸਰਕਾਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਸਰਜੀਕਲ ਸਟ੍ਰਾਈਕ 'ਤੇ ਦਿਗਵਿਜੇ ਸਿੰਘ ਦੀ ਟਿੱਪਣੀ ਦੀ ਸਖਤ ਨਿੰਦਾ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਨੇਤਾ ਨੇ ਇਕ ਹਾਸੋਹੀਣੀ ਗੱਲ ਕਹੀ ਹੈ ਅਤੇ ਉਹ ਸਿੰਘ ਦੇ ਵਿਚਾਰਾਂ ਨਾਲ ਅਸਹਿਮਤ ਹਨ।