ਗੋਆ ਵਿੱਚ ਅਗਲੇ ਸਾਲ ਹੋਣ ਵਾਲਿਆਂ ਚੋਣਾਂ ਲਈ ਕਾਂਗਰਸ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਕਾਂਗਰਸ ਨੂੰ ਗੋਆ ਅਤੇ ਪੰਜਾਬ ਵਿੱਚ ਚੋਣਾਂ ਜਿੱਤਣ ਦੀ ਪੂਰੀ ਉਮੀਦ ਹੈ । ਇਸ ਲਈ ਰਾਹੁਲ ਗਾਂਧੀ ਇਥੇ ਲਗਾਤਾਰ ਦੌਰੇ ਵੀ ਕਰ ਰਹੇ ਹਨ।
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦਾ ਕਹਿਣਾ ਹੈ ਕਿ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਅਤੇ ਆਮ ਆਦਮੀ ਪਾਰਟੀ (ਆਪ) ਗੋਆ 'ਚ ਗੈਰ-ਭਾਜਪਾ ਵੋਟ ਨੂੰ ਤੋੜਨ ਦਾ ਕੰਮ ਕਰ ਰਹੀਆਂ ਹਨ ਅਤੇ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ, ਜੋ ਭਾਜਪਾ ਨੂੰ ਹਰਾਉਣ ਦੀ ਸਮਰੱਥਾ ਰੱਖਦੀ ਹੈ।ਚਿਦੰਬਰਮ ਅਗਲੇ ਸਾਲ ਫਰਵਰੀ ਵਿੱਚ ਗੋਆ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸੀਨੀਅਰ ਚੋਣ ਨਿਗਰਾਨ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਪਾਰਟੀ ਅਤੇ ਵੋਟਰਾਂ ਪ੍ਰਤੀ ਵਫ਼ਾਦਾਰੀ ਪਹਿਲਾ ਮਾਪਦੰਡ ਹੋਵੇਗਾ।
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਾਂਗਰਸੀ ਉਮੀਦਵਾਰ ਜਿੱਤ ਤੋਂ ਬਾਅਦ ਵੀ ਪਾਰਟੀ ਅਤੇ ਲੋਕਾਂ ਪ੍ਰਤੀ ਵਫ਼ਾਦਾਰ ਰਹਿਣਗੇ।ਚਿਦੰਬਰਮ ਦਾ ਇਹ ਬਿਆਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਲੈਕਸੀਓ ਰੇਜੀਨਾਲਡੋ ਲੋਰੇਂਕੋ ਦੇ ਰਾਜ ਵਿੱਚ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਕੁਝ ਦਿਨ ਬਾਅਦ ਆਇਆ ਹੈ। ਲੋਰੇਂਕੋ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਕੋਲ 40 ਮੈਂਬਰੀ ਵਿਧਾਨ ਸਭਾ ਵਿੱਚ ਸਿਰਫ਼ ਦੋ ਸੀਟਾਂ ਰਹਿ ਗਈਆਂ ਹਨ।ਅਸਤੀਫਾ ਦੇਣ ਤੋਂ ਬਾਅਦ ਲੋਰੇਂਕੋ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਗਏ।
ਇਸ ਦੇ ਨਾਲ ਹੀ ਇਸ ਮਹੀਨੇ ਦੀ ਸ਼ੁਰੂਆਤ 'ਚ ਗੋਆ ਦੇ ਸਾਬਕਾ ਮੁੱਖ ਮੰਤਰੀ ਰਵੀ ਨਾਇਕ ਨੇ ਵੀ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਲੁਈਜਿਨਹੋ ਫਲੇਰੋ ਵੀ ਕਾਂਗਰਸ ਛੱਡ ਕੇ ਤ੍ਰਿਣਮੂਲ ਕਾਂਗਰਸ ਦੇ ਖੇਮੇ ਵਿਚ ਸ਼ਾਮਲ ਹੋ ਗਏ ਸਨ।ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਚਿਦੰਬਰਮ ਨੇ ਕਿਹਾ ਕਿ ਗੋਆ ਦੇ ਸਾਰੇ 40 ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਹੀ ਡੂੰਘੀ ਪਕੜ ਵਾਲੀ ਪਾਰਟੀ ਹੈ। ਲੋਕ ਜਾਣਦੇ ਹਨ ਕਿ ਕਾਂਗਰਸ ਹੀ ਅਜਿਹੀ ਪਾਰਟੀ ਹੈ ਜੋ ਭਾਜਪਾ ਨੂੰ ਹਰਾਉਣ ਦੀ ਸਮਰੱਥਾ ਰੱਖਦੀ ਹੈ।
ਭਾਜਪਾ ਨੇ 10 ਸਾਲ ਰਾਜ ਕਰ ਕੇ ਗੋਆ ਦੀ ਆਰਥਿਕਤਾ, ਵਾਤਾਵਰਨ ਅਤੇ ਸੱਭਿਆਚਾਰ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੋਆ ਦੇ ਲੋਕ ਭਾਜਪਾ ਸਰਕਾਰ ਤੋਂ ਬਹੁਤ ਤੰਗ ਆ ਚੁੱਕੇ ਹਨ ਅਤੇ ਵੱਡੇ ਬਦਲਾਅ ਦੀ ਮੰਗ ਕਰ ਰਹੇ ਹਨ।