
ਪ੍ਰਸ਼ਾਂਤ ਕਿਸ਼ੋਰ ਬਿਹਾਰ 'ਚ ਕਾਫੀ ਸਮੇ ਤੋਂ ਸਰਗਰਮ ਹਨ ਅਤੇ ਉਹ 2024 ਚੋਣਾਂ ਤੋਂ ਪਹਿਲਾ ਆਪਣਾ ਸਾਰਾ ਧਿਆਨ ਬਿਹਾਰ 'ਤੇ ਹੀ ਦੇ ਰਹੇ ਹਨ। ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਵਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਤਿੱਖਾ ਹਮਲਾ ਕੀਤਾ ਹੈ।
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਅੱਜ ਸੂਬੇ ਦੇ ਲੋਕ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੀ ਸਰਕਾਰ ਬਾਰੇ ਚੰਗਾ-ਮਾੜਾ ਬੋਲਦੇ ਹਨ। ਉਨ੍ਹਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਹਨ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਿਤੀਸ਼ ਕੁਮਾਰ ਸੁਰੱਖਿਆ ਅਤੇ ਸਰਕਾਰੀ ਸਟਾਫ ਤੋਂ ਬਿਨਾਂ ਬਿਹਾਰ ਦੇ ਕਿਸੇ ਵੀ ਪਿੰਡ ਵਿੱਚ ਨਹੀਂ ਘੁੰਮ ਸਕਦੇ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਬਿਹਾਰ 'ਚ ਨੌਕਰਸ਼ਾਹੀ ਅਤੇ ਭ੍ਰਿਸ਼ਟਾਚਾਰ ਆਪਣੇ ਸਿਖਰ 'ਤੇ ਹੈ।
2014 ਦੇ ਨਿਤੀਸ਼ ਕੁਮਾਰ ਅਤੇ 2017 ਦੇ ਨਿਤੀਸ਼ ਕੁਮਾਰ ਵਿੱਚ ਦੁਨੀਆਂ ਜਹਾਨ ਦਾ ਫਰਕ ਹੈ। ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਨੈਤਿਕ ਆਧਾਰ 'ਤੇ ਅਸਤੀਫਾ ਦੇ ਦਿੱਤਾ ਸੀ, ਪਰ 2020 ਦੀਆਂ ਵਿਧਾਨ ਸਭਾ ਚੋਣਾਂ ਬੁਰੀ ਤਰ੍ਹਾਂ ਹਾਰ ਕੇ ਵੀ ਕਿਸੇ ਤਰ੍ਹਾਂ ਕੁਰਸੀ 'ਤੇ ਕਾਬਜ਼ ਰਹੇ। ਉਨ੍ਹਾਂ ਕਿਹਾ ਕਿ ਜਦੋਂ ਨਿਤੀਸ਼ ਕੁਮਾਰ ਭਾਜਪਾ ਨਾਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਵਿਸ਼ੇਸ਼ ਦਰਜਾ ਯਾਦ ਨਹੀਂ ਰਹਿੰਦਾ, ਜਿਵੇਂ ਹੀ ਉਹ ਭਾਜਪਾ ਤੋਂ ਵੱਖ ਹੁੰਦੇ ਹਨ ਤਾਂ ਉਹ ਵਿਸ਼ੇਸ਼ ਦਰਜੇ ਦੀ ਮੰਗ ਕਰਨ ਲੱਗ ਪੈਂਦੇ ਹਨ।
ਸੂਬੇ ਵਿੱਚ ਜਨ ਸੂਰਜ ਪਦ ਯਾਤਰਾ ਕੱਢ ਰਹੇ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੀ ਦੁਰਦਸ਼ਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਪਿੰਡਾਂ ਅਤੇ ਪੰਚਾਇਤਾਂ ਵਿੱਚ ਪਰਵਾਸ ਦੀ ਸਮੱਸਿਆ ਵੱਡੀ ਹੈ, ਜਿੱਥੇ ਉਨ੍ਹਾਂ ਨੂੰ ਜਾਣ ਦਾ ਮੌਕਾ ਮਿਲਿਆ ਹੈ। ਪਿੰਡਾਂ ਵਿੱਚ 60 ਫੀਸਦੀ ਤੱਕ ਨੌਜਵਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਦੇ ਰਾਜ ਦੀ ਸਭ ਤੋਂ ਵੱਡੀ ਨਾਕਾਮੀ ਬਿਹਾਰ ਦੀ ਸਿੱਖਿਆ ਪ੍ਰਣਾਲੀ ਦਾ ਢਹਿ-ਢੇਰੀ ਹੋਣਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਗਰੀਬੀ ਅਤੇ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਕਾਰਨ ਬੇਜ਼ਮੀਨੇ ਲੋਕਾਂ ਦੀ ਵੱਡੀ ਗਿਣਤੀ ਹੈ। ਅੰਕੜਿਆਂ ਮੁਤਾਬਕ ਬਿਹਾਰ ਵਿੱਚ 58 ਫੀਸਦੀ ਲੋਕ ਬੇਜ਼ਮੀਨੇ ਹਨ, ਜਦੋਂ ਕਿ ਦੇਸ਼ ਵਿੱਚ ਬੇਜ਼ਮੀਨੇ ਲੋਕਾਂ ਦੀ ਗਿਣਤੀ 38 ਫੀਸਦੀ ਹੈ।