
ਪ੍ਰਸ਼ਾਂਤ ਕਿਸ਼ੋਰ ਨਾਲ ਕਾਂਗਰਸ ਦੀ ਗੱਲਬਾਤ ਸਿਰੇ ਤੇ ਨਹੀਂ ਚੜੀ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਹੈ, ਕਿ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ ਅਤੇ ਉਹ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ।
ਦੱਸ ਦੇਈਏ ਕਿ ਕਈ ਦਿਨਾਂ ਤੋਂ ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਚਰਚਾ ਗਰਮ ਸੀ। ਸੁਰਜੇਵਾਲਾ ਨੇ ਕਿਹਾ, ਪ੍ਰਸ਼ਾਂਤ ਕਿਸ਼ੋਰ ਨਾਲ ਚਰਚਾ ਅਤੇ ਪੇਸ਼ਕਾਰੀ ਤੋਂ ਬਾਅਦ, ਕਾਂਗਰਸ ਪ੍ਰਧਾਨ ਨੇ ਐਮਪਾਵਰਡ ਐਕਸ਼ਨ ਗਰੁੱਪ 2024 ਦਾ ਗਠਨ ਕੀਤਾ ਅਤੇ ਇਸ ਦੇ ਤਹਿਤ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ।
ਹਾਲਾਂਕਿ ਉਨ੍ਹਾਂ ਨੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਉਹ ਪਾਰਟੀ ਨੂੰ ਜੋ ਸਲਾਹ ਦਿੰਦੇ ਹਨ, ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ। ਪ੍ਰਸ਼ਾਂਤ ਕਿਸ਼ੋਰ ਨੇ ਵੀ ਟਵੀਟ ਕਰਕੇ ਕਿਹਾ, ਕਾਂਗਰਸ ਪਾਰਟੀ ਨੇ ਮੈਨੂੰ ਐਮਪਾਵਰਡ ਐਕਸ਼ਨ ਗਰੁੱਪ ਵਿੱਚ ਸ਼ਾਮਲ ਹੋਣ ਅਤੇ ਚੋਣਾਂ ਦੀ ਜ਼ਿੰਮੇਵਾਰੀ ਸੰਭਾਲਣ ਦੀ ਪੇਸ਼ਕਸ਼ ਕੀਤੀ ਸੀ, ਪਰ ਮੈਂ ਇਨਕਾਰ ਕਰ ਦਿੱਤਾ ਹੈ।
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਮੇਰੇ ਨਾਲੋਂ ਵੀ ਵੱਧ ਇਸ ਸਮੇਂ ਪਾਰਟੀ ਨੂੰ ਇੱਕ ਠੋਸ ਉਪਰਾਲੇ ਅਤੇ ਚੰਗੀ ਲੀਡਰਸ਼ਿਪ ਦੀ ਲੋੜ ਹੈ, ਜੋ ਇਸ ਦੀਆਂ ਜੜ੍ਹਾਂ ਤੋਂ ਸਮੱਸਿਆਵਾਂ ਨੂੰ ਖ਼ਤਮ ਕਰ ਸਕੇ। ਸੂਤਰਾਂ ਮੁਤਾਬਕ ਪਾਰਟੀ ਪ੍ਰਸ਼ਾਂਤ ਕਿਸ਼ੋਰ ਨੂੰ ਪੂਰੀ ਆਜ਼ਾਦੀ ਨਾਲ ਕੰਮ ਕਰਨ ਦਾ ਅਧਿਕਾਰ ਨਹੀਂ ਦੇ ਰਹੀ ਸੀ।
ਦੂਜੇ ਪਾਸੇ ਸੂਤਰ ਇਹ ਵੀ ਦੱਸ ਰਹੇ ਸਨ ਕਿ ਸੋਨੀਆ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਸਾਫ਼ ਕਹਿ ਦਿੱਤਾ ਸੀ, ਕਿ ਉਹ ਕਿਸੇ ਹੋਰ ਪਾਰਟੀ ਨਾਲ ਕੰਮ ਨਹੀਂ ਕਰਨਗੇ ਸਗੋਂ ਪੂਰਾ ਸਮਾਂ ਕਾਂਗਰਸ ਨੂੰ ਦੇਣਗੇ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ PK ਦੇ IPAC ਨੇ KCR ਦੇ ਨਾਲ ਇੱਕ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਕੰਪਨੀ 2024 ਵਿਧਾਨ ਸਭਾ ਚੋਣਾਂ ਲਈ KCR ਲਈ ਰਣਨੀਤੀ ਤਿਆਰ ਕਰੇਗੀ।
ਇਹ ਵੀ ਖਬਰਾਂ ਹਨ ਕਿ ਪ੍ਰਸ਼ਾਂਤ ਕਿਸ਼ੋਰ ਚਾਹੁੰਦੇ ਸਨ ਕਿ ਉਹ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨੂੰ ਸਿੱਧੇ ਤੌਰ 'ਤੇ ਰਿਪੋਰਟ ਕਰਨ। ਹਾਲਾਂਕਿ ਉਨ੍ਹਾਂ ਨੂੰ ਚੋਣ ਤਿਆਰੀਆਂ ਲਈ ਬਣਾਏ ਗਏ ਐਕਸ਼ਨ ਗਰੁੱਪ ਵਿੱਚ ਥਾਂ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਕੇਸੀਆਰ ਦੀ ਪਾਰਟੀ ਨਾਲ ਆਈਪੀਏਸੀ ਦਾ ਸਮਝੌਤਾ ਵੀ ਅੜਿੱਕਾ ਬਣ ਗਿਆ। ਹਾਲਾਂਕਿ, ਪੀਕੇ ਨੇ ਪਹਿਲਾਂ ਕਿਹਾ ਹੈ ਕਿ ਉਸਦਾ ਹੁਣ ਕੰਪਨੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਫਿਰ ਵੀ, ਇਹ ਸਭ ਜਾਣਦੇ ਹਨ ਕਿ ਕੰਪਨੀ ਦੇ ਮਹੱਤਵਪੂਰਨ ਫੈਸਲੇ ਉਨ੍ਹਾਂ ਦੁਆਰਾ ਲਏ ਜਾਂਦੇ ਹਨ।