ਪਹਿਲਵਾਨਾਂ ਦਾ ਧਰਨਾ:ਖਿਡਾਰੀ ਦੇਸ਼ ਦੀ ਸ਼ਾਨ ਦੋਸ਼ਾਂ ਦੀ ਹੋਵੇ ਜਾਂਚ:ਪ੍ਰਿਅੰਕਾ

30 ਭਾਰਤੀ ਪਹਿਲਵਾਨ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਹੋਏ ਹਨ । ਇਨ੍ਹਾਂ 'ਚ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਵਰਗੇ ਵੱਡੇ ਖਿਡਾਰੀ ਸ਼ਾਮਲ ਹਨ।
ਪਹਿਲਵਾਨਾਂ ਦਾ ਧਰਨਾ:ਖਿਡਾਰੀ ਦੇਸ਼ ਦੀ ਸ਼ਾਨ ਦੋਸ਼ਾਂ ਦੀ ਹੋਵੇ ਜਾਂਚ:ਪ੍ਰਿਅੰਕਾ

ਪਹਿਲਵਾਨਾਂ ਦੇ ਧਰਨੇ ਨੂੰ ਹੁਣ ਪ੍ਰਿਅੰਕਾ ਗਾਂਧੀ ਦਾ ਵੀ ਸਾਥ ਮਿਲ ਗਿਆ ਹੈ। ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਧਰਨਾ ਲਗਾਤਾਰ ਸਿਆਸੀ ਰੂਪ ਲੈ ਰਿਹਾ ਹੈ। ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਪਹਿਲਵਾਨਾਂ ਦੇ ਦੋਸ਼ਾਂ 'ਤੇ ਟਵੀਟ ਕਰਕੇ ਜਾਂਚ ਤੋਂ ਬਾਅਦ ਕਾਰਵਾਈ ਦੀ ਮੰਗ ਕੀਤੀ ਹੈ।

ਪ੍ਰਿਅੰਕਾ ਗਾਂਧੀ ਨੇ ਧਰਨੇ 'ਤੇ ਬੈਠੇ ਪਹਿਲਵਾਨਾਂ ਬਾਰੇ ਲਿਖਿਆ, "ਸਾਡੇ ਖਿਡਾਰੀ ਦੇਸ਼ ਦਾ ਮਾਣ ਹਨ। ਉਹ ਵਿਸ਼ਵ ਪੱਧਰ 'ਤੇ ਆਪਣੇ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਉਂਦੇ ਹਨ। ਖਿਡਾਰੀਆਂ ਨੇ ਕੁਸ਼ਤੀ ਮਹਾਸੰਘ ਅਤੇ ਇਸ ਦੇ ਪ੍ਰਧਾਨ 'ਤੇ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ। ਇਨ੍ਹਾਂ ਖਿਡਾਰੀਆਂ ਦੀ ਆਵਾਜ਼ ਜ਼ਰੂਰ ਸੁਣੀ ਜਾਵੇ। ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪਹਿਲਵਾਨ ਗੀਤਾ ਫੋਗਾਟ ਨੇ ਵੀ ਟਵੀਟ ਕਰਕੇ ਵਿਰੋਧ ਕਰ ਰਹੇ ਪਹਿਲਵਾਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਲਿਖਿਆ, "ਅੱਜ ਇਹ ਤਸਵੀਰ ਦੇਖ ਕੇ ਬਹੁਤ ਦੁੱਖ ਹੋਇਆ ਕਿ ਸਾਡੇ ਦੇਸ਼ ਦੀ ਸ਼ਾਨ ਓਲੰਪਿਕ ਤਮਗਾ ਜੇਤੂ ਖਿਡਾਰੀ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਹਨ। ਇਹ ਤਾਨਾਸ਼ਾਹੀ ਬੰਦ ਹੋਣੀ ਚਾਹੀਦੀ ਹੈ। ਅੱਜ ਅਸੀਂ ਆਪਣੇ ਖਿਡਾਰੀਆਂ ਦੀਆਂ ਮੰਗਾਂ ਦਾ ਪੂਰਾ ਸਮਰਥਨ ਕਰਦੇ ਹਾਂ।''

ਪਹਿਲਵਾਨ ਤੋਂ ਸਿਆਸਤਦਾਨ ਬਣੀ ਬਬੀਤਾ ਫੋਗਾਟ ਨੇ ਵੀ ਇਸ ਮਾਮਲੇ 'ਤੇ ਟਵੀਟ ਕਰਕੇ ਪਹਿਲਵਾਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਲਿਖਿਆ, "ਮੈਂ ਇਸ ਲੜਾਈ ਵਿੱਚ ਆਪਣੇ ਖਿਡਾਰੀਆਂ ਦੇ ਨਾਲ ਹਾਂ। ਮੈਨੂੰ ਸਰਕਾਰ 'ਤੇ ਪੂਰਾ ਭਰੋਸਾ ਹੈ ਕਿ ਉਹ ਦੇਸ਼ ਦੇ ਉਨ੍ਹਾਂ ਖਿਡਾਰੀਆਂ ਨਾਲ ਇਨਸਾਫ ਕਰੇਗੀ, ਜਿਨ੍ਹਾਂ ਨੇ ਦੁਨੀਆ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।"

ਬੁੱਧਵਾਰ ਨੂੰ 30 ਭਾਰਤੀ ਪਹਿਲਵਾਨ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ। ਇਨ੍ਹਾਂ 'ਚ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਵਰਗੇ ਵੱਡੇ ਖਿਡਾਰੀ ਸ਼ਾਮਲ ਹਨ। ਇਨ੍ਹਾਂ ਖਿਡਾਰੀਆਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਇਸ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਗੰਭੀਰ ਦੋਸ਼ ਲਗਾਏ ਹਨ।

ਬਜਰੰਗ ਨੇ ਕਿਹਾ ਕਿ ਜਿਹੜੇ ਲੋਕ ਕੁਸ਼ਤੀ ਸੰਘ ਚਲਾ ਰਹੇ ਹਨ, ਉਨ੍ਹਾਂ ਨੂੰ ਖੇਡ ਬਾਰੇ ਕੁਝ ਨਹੀਂ ਪਤਾ ਹੈ। ਸਾਨੂੰ ਕੋਚ ਵੀ ਨਹੀਂ ਦਿੱਤੇ ਜਾਂਦੇ ਅਤੇ ਵਿਰੋਧ ਕਰਨ 'ਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਵਿਨੇਸ਼ ਫੋਗਾਟ ਨੇ ਕਿਹਾ ਕਿ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੇ ਕਈ ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਦੇ ਚਹੇਤੇ ਲੋਕ ਲੜਕੀਆਂ ਦਾ ਸ਼ੋਸ਼ਣ ਕਰਦੇ ਹਨ। ਮਰਦ ਕੋਚ ਵੀ ਲੜਕੀਆਂ ਦੇ ਨਾਲ-ਨਾਲ ਮਹਿਲਾ ਕੋਚਾਂ ਦਾ ਵੀ ਸ਼ੋਸ਼ਣ ਕਰਦੇ ਹਨ।

Related Stories

No stories found.
Punjab Today
www.punjabtoday.com