ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਆਪਣੇ ਬਿਆਨ 'ਤੇ ਗੱਲ ਕਰਦਿਆਂ ਕਿਹਾ ਕਿ ਦੇਸ਼ ਨੇ 70 ਸਾਲਾਂ 'ਚ ਜੋ ਕਮਾਇਆ ਸੀ, ਉਹ ਸਿਰਫ 8 ਸਾਲਾਂ 'ਚ ਹੀ ਗੁਆ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤਾਨਾਸ਼ਾਹੀ ਦਾ ਰਾਜ ਹੈ ਅਤੇ ਲੋਕਤੰਤਰ ਨੂੰ ਕੁਚਲਿਆ ਜਾ ਰਿਹਾ ਹੈ। ਕਿਸੇ ਨੂੰ ਬੋਲਣ ਵੀ ਨਹੀਂ ਦਿੱਤਾ ਜਾ ਰਿਹਾ। ਇਸ ਦੇ ਨਾਲ ਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਗੱਲ ਕਰਨ ਵਾਲਾ ਕੋਈ ਨਹੀਂ ਹੈ। ਰਾਹੁਲ ਗਾਂਧੀ ਨੇ ਕਾਂਗਰਸ ਹੈੱਡਕੁਆਰਟਰ 'ਚ ਮਹਿੰਗਾਈ, ਜੀਐੱਸਟੀ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਪ੍ਰੈੱਸ ਕਾਨਫਰੰਸ ਕੀਤੀ।
ਉਸ ਨੇ ਕਿਹਾ, 'ਕੀ ਤੁਸੀਂ ਤਾਨਾਸ਼ਾਹੀ ਦਾ ਆਨੰਦ ਮਾਣ ਰਹੇ ਹੋ, ਇੱਥੇ ਹਰ ਰੋਜ਼ ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਇਸ ਸਰਕਾਰ ਨੇ 8 ਸਾਲਾਂ ਵਿੱਚ ਲੋਕਤੰਤਰ ਨੂੰ ਬਰਬਾਦ ਕਰ ਦਿੱਤਾ। ਦਰਅਸਲ ਕਾਂਗਰਸ ਵੱਲੋਂ ਕਲ ਦੇਸ਼ ਭਰ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿੱਚ ਲੋਕਤੰਤਰ ਨਹੀਂ ਹੈ। ਲੋਕਤੰਤਰ ਮਰ ਚੁੱਕਾ ਹੈ। ਅੱਜ ਚਾਰ ਲੋਕਾਂ ਦੀ ਤਾਨਾਸ਼ਾਹੀ ਹੈ।
ਅਸੀਂ ਮਹਿੰਗਾਈ 'ਤੇ ਬੋਲਣਾ ਚਾਹੁੰਦੇ ਹਾਂ ਪਰ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਸਾਨੂੰ ਸੰਸਦ ਭਵਨ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਹੈ। ਵਿਰੋਧ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਹ ਭਾਰਤ ਦੀ ਹਾਲਤ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਮੀਡੀਆ, ਚੋਣ ਪ੍ਰਣਾਲੀ ਤਾਂ ਆਪਣੇ ਦਮ 'ਤੇ ਖੜ੍ਹਾ ਹੈ ਪਰ ਦੇਸ਼ ਦੇ ਹਰ ਅਦਾਰੇ 'ਚ ਆਰ.ਐਸ.ਐਸ. ਦਾ ਬੰਦਾ ਬੈਠਾ ਹੈ। ਉਹ ਸਰਕਾਰ ਦੇ ਕੰਟਰੋਲ ਹੇਠ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ, ਬੁਨਿਆਦੀ ਢਾਂਚਾ ਨਿਰਪੱਖ ਸੀ। ਅਸੀਂ ਇਸ ਵਿੱਚ ਦਖਲ ਨਹੀਂ ਦਿੱਤਾ। ਅੱਜ ਇਹ ਸਰਕਾਰ ਕੋਲ ਹੈ। ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਕੇਂਦਰੀ ਜਾਂਚ ਏਜੰਸੀਆਂ ਨੂੰ ਉਸ ਦੇ ਖਿਲਾਫ ਖੜ੍ਹਾ ਕਰ ਦਿੱਤਾ ਜਾਂਦਾ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਹੁਲ ਜੀ ਨੇ ਜੋ ਕਿਹਾ, ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਦੇਸ਼ ਵਿੱਚ ਕੀ ਸਥਿਤੀ ਹੈ। ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਦੇਸ਼ ਵਿਚ ਲੋਕਤੰਤਰ ਦਾ ਅੰਤ ਦੇਖਣਾ ਪਵੇਗਾ।
ਦੇਸ਼ ਵਿੱਚ ਮਹਿੰਗਾਈ ਵਧ ਰਹੀ ਹੈ, ਸੰਵਿਧਾਨ ਨੂੰ ਖਤਮ ਕੀਤਾ ਜਾ ਰਿਹਾ ਹੈ, ਪਰ ਕੋਈ ਨਹੀਂ ਸੁਣ ਰਿਹਾ। ਦੇਸ਼ ਵਿੱਚ ਈਡੀ, ਇਨਕਮ ਟੈਕਸ, ਸੀਬੀਆਈ ਦਾ ਆਤੰਕ ਹੈ। ਦੇਸ਼ ਵਿੱਚ ਖਤਰਨਾਕ ਖੇਡ ਚੱਲ ਰਹੀ ਹੈ, ਹੁਣ ਸਮਾਂ ਆ ਗਿਆ ਹੈ ਕਿ ਲੋਕ ਅੱਗੇ ਆਉਣ। ਕਾਰਕੁੰਨਾਂ ਨੂੰ ਵੀ ਸਰਕਾਰ ਖਿਲਾਫ ਖੜਾ ਹੋਣਾ ਪਵੇਗਾ। ਮਹਿੰਗਾਈ ਦਾ ਕਹਿਰ ਹੈ, ਜੀਐਸਟੀ ਦਾ ਨਿੱਤ ਨਵਾਂ ਕਾਰਨਾਮਾ ਹੋ ਰਿਹਾ ਹੈ। ਅਜਿਹੇ ਵਿੱਚ ਮੀਡੀਆ ਨੂੰ ਵੀ ਅੱਗੇ ਆਉਣਾ ਪਵੇਗਾ।