ਰਾਹੁਲ 3 ਹਜ਼ਾਰ ਕਿਲੋਮੀਟਰ ਪੈਦਲ ਚੱਲ ਦਿੱਲੀ ਪਹੁੰਚੇ, ਸੋਨੀਆ-ਪ੍ਰਿਅੰਕਾ ਨਾਲ
ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੂੰ ਦੇਸ਼ ਵਿਚ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ। ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਸ਼ਨੀਵਾਰ ਨੂੰ ਦਿੱਲੀ ਪਹੁੰਚ ਗਈ ਹੈ। ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਰਾਹੁਲ ਨੇ ਪਿਛਲੇ 107 ਦਿਨਾਂ 'ਚ ਤਿੰਨ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਦਿੱਲੀ ਵਿੱਚ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਰਾਹੁਲ ਦੀ ਯਾਤਰਾ ਵਿੱਚ ਸ਼ਾਮਲ ਹੋਏ ਹਨ।

ਇੱਥੇ ਰਾਹੁਲ ਨੇ ਕਿਹਾ- ਮੈਂ ਆਰਐਸਐਸ ਅਤੇ ਭਾਜਪਾ ਦੇ ਲੋਕਾਂ ਨੂੰ ਕਿਹਾ ਹੈ ਕਿ ਅਸੀਂ ਤੁਹਾਡੇ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹਣ ਆਏ ਹਾਂ। ਰਾਹੁਲ ਦੇ ਦੌਰੇ 'ਤੇ ਕਾਂਗਰਸ ਵਰਕਰਾਂ ਦੀ ਵੱਡੀ ਭੀੜ ਪਹੁੰਚ ਗਈ ਹੈ। ਇਸ ਕਾਰਨ ਦਿੱਲੀ ਪੁਲਿਸ ਨੇ ਦੋ ਦਰਜਨ ਤੋਂ ਵੱਧ ਥਾਵਾਂ 'ਤੇ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਹੈ। ਉੱਥੇ ਹੀ, ਬਦਰਪੁਰ ਸਰਹੱਦ ਤੋਂ ਲਾਲ ਕਿਲੇ ਤੱਕ ਭਾਰੀ ਆਵਾਜਾਈ ਦੀ ਸੰਭਾਵਨਾ ਹੈ।

ਦਿੱਲੀ ਕਾਂਗਰਸ ਦੇ ਮੁਤਾਬਕ, ਯਾਤਰਾ 23 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ ਸ਼ਨੀਵਾਰ ਸ਼ਾਮ 4.30 ਵਜੇ ਲਾਲ ਕਿਲੇ 'ਤੇ ਸਮਾਪਤ ਹੋਵੇਗੀ। ਇਸ ਤੋਂ ਬਾਅਦ ਯਾਤਰਾ 'ਚ 9 ਦਿਨਾਂ ਦਾ ਬ੍ਰੇਕ ਹੋਵੇਗਾ। ਪੁਲਿਸ ਨੇ ਲੋਕਾਂ ਨੂੰ ਯਾਤਰਾ ਦੇ ਰਸਤੇ ਤੋਂ ਦੂਰ ਜਾਣ ਵਾਲੀ ਸੜਕ ਜਾਂ ਬਾਈਪਾਸ ਦੀ ਵਰਤੋਂ ਕਰਨ ਲਈ ਕਿਹਾ ਹੈ।

ਇਸਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ, ਆਪਣੇ ਵਾਹਨ ਦੀ ਬਜਾਏ ਜਨਤਕ ਆਵਾਜਾਈ ਦੁਆਰਾ ਆਓ। ਯਾਤਰਾ ਕਾਰਨ ਬਦਰਪੁਰ ਫਲਾਈਓਵਰ, ਪ੍ਰਹਿਲਾਦਪੁਰ ਰੈੱਡ ਲਾਈਟ, ਮਹਿਰੌਲੀ ਬਦਰਪੁਰ ਰੋਡ, ਅਪੋਲੋ ਫਲਾਈਓਵਰ, ਮਥੁਰਾ ਰੋਡ ਸੀਆਰਆਰਆਈ ਰੈੱਡ ਲਾਈਟ, ਮਥੁਰਾ ਰੋਡ, ਮੋਦੀ ਮਿੱਲ ਫਲਾਈਓਵਰ, ਆਸ਼ਰਮ ਚੌਕ 'ਤੇ ਟਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ।

'ਭਾਰਤ ਜੋੜੋ ਯਾਤਰਾ' ਸ਼ਨੀਵਾਰ ਰਾਤ ਤੋਂ 9 ਦਿਨ ਆਰਾਮ 'ਤੇ ਰਹੇਗੀ। 3 ਜਨਵਰੀ ਨੂੰ ਗਾਜ਼ੀਆਬਾਦ ਦੇ ਲੋਨੀ ਬਾਰਡਰ ਤੋਂ ਉੱਤਰ ਪ੍ਰਦੇਸ਼ ਵਿੱਚ ਯਾਤਰਾ ਦਾ ਪ੍ਰਵੇਸ਼ ਹੋਵੇਗਾ। 4 ਜਨਵਰੀ ਨੂੰ ਬਾਗਪਤ, 5 ਜਨਵਰੀ ਨੂੰ ਸ਼ਾਮਲੀ ਅਤੇ 6 ਜਨਵਰੀ ਨੂੰ ਕੈਰਾਨਾ ਰਾਹੀਂ ਰਾਹੁਲ ਦੀ ਯਾਤਰਾ ਦੂਜੇ ਪੜਾਅ ਵਿੱਚ ਹਰਿਆਣਾ ਦੇ ਸੋਨੀਪਤ ਵਿੱਚ ਦਾਖ਼ਲ ਹੋਵੇਗੀ। ਹਰਿਆਣਾ ਤੋਂ ਬਾਅਦ ਇਹ ਯਾਤਰਾ ਪੰਜਾਬ ਦੇ ਰਸਤੇ ਜੰਮੂ-ਕਸ਼ਮੀਰ ਲਈ ਰਵਾਨਾ ਹੋਵੇਗੀ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ ਹੁਣ ਤੱਕ 9 ਰਾਜਾਂ ਨੂੰ ਕਵਰ ਕਰ ਚੁੱਕੀ ਹੈ। ਇਨ੍ਹਾਂ ਵਿੱਚ ਤਾਮਿਲਨਾਡੂ, ਕੇਰਲ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਸ਼ਾਮਲ ਹਨ। ਇਸ ਸਮੇਂ ਦੌਰਾਨ ਇਨ੍ਹਾਂ ਰਾਜਾਂ ਦੇ 46 ਜ਼ਿਲ੍ਹੇ ਕਵਰ ਕੀਤੇ ਗਏ ਹਨ।